ਲੁਧਿਆਣਾ ਦੀ ਸਾਈਕਲ ਫੈਕਟਰੀ ’ਚ ਅੱਗ; ਲੱਖਾਂ ਦਾ ਨੁਕਸਾਨ

ਫੋਕਲ ਪੁਆਇੰਟ ਦੇ ਫੇਜ਼ 7 ਸਥਿਤ ਸਾਈਕਲ ਪਾਰਟਸ ਦੀ ਇੱਕ ਫੈਕਟਰੀ ’ਚ ਸਵੇਰੇ ਅਚਾਨਕ ਅੱਗ ਲੱਗ ਗਈ ਜਿਸਨੇ ਭਿਆਨਕ ਰੂਪ ਧਾਰ ਲਿਆ। ਜਿਸ ਸਮੇਂ ਫੈਕਟਰੀ ’ਚ ਅੱਗ ਲੱਗੀ, ਉਸ ਸਮੇਂ ਕਈ ਵਰਕਰ ਉੱਥੇ ਕੰਮ ਕਰ ਰਹੇ ਸਨ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵਿਖਾਈ ਦੇ ਰਹੀਆਂ ਸਨ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ। ਇਸ ਦੌਰਾਨ ਸਾਰੇ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ 45 ਗੱਡੀਆਂ ਦੇ ਪਾਣੀ ਨਾਲ ਪੰਜ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਦੋ ਫਾਇਰ ਬ੍ਰਿਗੇਡ ਮੁਲਾਜ਼ਮ ਸ਼ੈੱਡ ’ਤੇ ਵੀ ਚੜ੍ਹੇ, ਪਰ ਪੈਰ ਸਲਿੱਪ ਹੋਣ ਕਾਰਨ ਦੋਵੇਂ ਡਿੱਗ ਕੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਅੰਦਰ ਕੈਮੀਕਲ ਪਿਆ ਸੀ ਤੇ ਕੋਲੋਂ ਲੰਘ ਰਹੀ ਤਾਰ ’ਚੋਂ ਸਪਾਰਕਿੰਗ ਹੋਣ ਕਾਰਨ ਅੱਗ ਲੱਗੀ ਹੈ। ਅੱਗ ਲੱਗਣ ਕਾਰਨ ਫੈਕਟਰੀ ’ਚ ਪਿਆ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਦੇ ਫੇਜ਼ 7 ’ਚ ਚੋਪੜਾ ਇੰਡਸਟਰੀ ਹੈ। ਦੋ ਮੰਜ਼ਿਲਾ ਫੈਕਟਰੀ ਦੇ ਹੇਠਲੀ ਮੰਜ਼ਿਲ ’ਤੇ ਮੋਟਰਸਾਈਕਲ ਦੇ ਪੁਰਜੇ ਬਣਦੇ ਹਨ ਜਦਕਿ ਉਪਰ ਵਾਲੀ ਮੰਜ਼ਿਲ ’ਤੇ ਸਾਈਕਲ ਦੇ ਪੁਰਜ਼ੇ ਤਿਆਰ ਕੀਤੇ ਜਾਂਦੇ ਹਨ। ਫੈਕਟਰੀ ਵਿਚ ਗੱਦੀਆਂ ਤਿਆਰ ਕਰਨ ਲਈ ਕਾਟਨ ਤੇ ਕੈਮੀਕਲ ਪਿਆ ਸੀ। ਫੈਕਟਰੀ ਦੀ ਉਪਰਲੀ ਮੰਜ਼ਿਲ ਤੋਂ ਕੈਮੀਕਲ ’ਚ ਅੱਗ ਲੱਗ ਗਈ ਤੇ ਦੇਖਦਿਆਂ ਹੀ ਦੇਖਦਿਆਂ ਫੈਲ ਗਈ। ਫੈਕਟਰੀ ’ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਵਰਕਰ ਬਾਹਰ ਵੱਲ ਭੱਜੇ। ਫਾਇਰ ਅਫ਼ਸਰ ਸ੍ਰਿਸ਼ਟੀ ਸ਼ਰਮਾ ਨੇ ਦੱਸਿਆ ਕਿ ਸਵੇਰੇ 11 ਵਜੇ ਸੂਚਨਾ ਮਿਲੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਪੁੱਜ ਗਈਆਂ ਸਨ, ਪਰ ਅੱਗ ਜ਼ਿਆਦਾ ਹੋਣ ਕਾਰਨ ਸਾਰੇ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਈਆਂ ਗਈਆਂ ਤੇ ਪੰਜ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਠੇਕੇ ’ਤੇ ਫਾਇਰ ਬ੍ਰਿਗੇਡ ’ਚ ਕੰਮ ਕਰਨ ਵਾਲੇ ਮੁਲਾਜ਼ਮ ਹਰਿੰਦਰ ਤੇ ਸੁਰਿੰਦਰ ਫੈਕਟਰੀ ਦੇ ਬਾਹਰ ਬਣੇ ਇੱਕ ਸ਼ੈੱਡ ’ਤੇ ਲੱਗੀ ਅੱਗ ’ਤੇ ਕਾਬੂ ਪਾ ਰਹੇ ਸਨ ਕਿ ਪੈਰ ਤਿਲਕਣ ਕਾਰਨ ਉਹ ਦੋਵੇਂ ਹੇਠਾਂ ਡਿੱਗ ਪਏ। ਉੱਥੇ ਮੌਜੂਦ ਸਾਰੇ ਲੋਕਾਂ ਨੇ ਸ਼ੈੱਡ ਨੂੰ ਪਿੱਛੇ ਕਰ ਕੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਤੇ ਨੇੜਲੇ ਨਿੱਜੀ ਹਸਪਤਾਲ ਭਰਤੀ ਕਰਵਾਇਆ। ਫਾਇਰ ਅਫ਼ਸਰ ਨੇ ਦੱਸਿਆ ਕਿ ਫੈਕਟਰੀ ਵਿਚ ਕੋਈ ਫਾਇਰ ਸੇਫ਼ਟੀ ਸਿਸਟਮ ਨਹੀਂ ਹੈ। ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।