ਮੰਗਣਾ, ਜਾਗਣਾ ਤੇ ਸਿਆਸੀ ਅਮਲ

 – ਸ਼ਾਮ ਸਿੰਘ ਅੰਗ-ਸੰਗ

ਸਾਰੇ ਭਾਰਤ ਦਾ ਮੰਗਣ ‘ਤੇ ਜ਼ੋਰ ਹੈ, ਦੇਣ ‘ਤੇ ਨਹੀਂ। ਕਈ ਵਾਰ ਤਾਂ ਲੱਗਦਾ ਹੈ, ਜਿਵੇਂ ਸਾਰਾ ਦੇਸ਼ ਹੀ ਮੰਗਤਿਆਂ ਦਾ ਹੋਵੇ। ਕੇਂਦਰ ‘ਚ ਭਾਰਤ ਦੀ ਸਰਕਾਰ ਬਣਦੀ ਹੈ, ਜਿਸ ਲਈ 542 ਤੋਂ ਕਿਤੇ ਵੱਧ ਨੇਤਾ ਲੋਕਾਂ ਤੋਂ ਵੋਟਾਂ ਮੰਗਦੇ ਹਨ, ਤਾਂ ਜੁ ਉਹ ਪਾਰਲੀਮੈਂਟ ਤੱਕ ਪਹੁੰਚ ਸਕਣ। ਉਹ ਵੋਟਾਂ ਮੰਗਣ ਵਾਸਤੇ ਕੀ-ਕੀ ਪਾਪੜ ਵੇਲਦੇ ਹਨ, ਕੀ-ਕੀ ਢੰਗ ਵਰਤਦੇ, ਵਾਅਦੇ ਕਰਦੇ ਅਤੇ ਲਾਰੇ ਲਾਉਂਦੇ ਹਨ, ਉਨ੍ਹਾਂ ਦਾ ਹਿਸਾਬ ਹੀ ਨਹੀਂ।
ਦੇਸ਼ ਦੇ ਸਾਰੇ ਰਾਜਾਂ ਵਿੱਚ ਵਿਧਾਨ ਸਭਾਵਾਂ ਲਈ ਚੋਣਾਂ ਹੁੰਦੀਆਂ ਹਨ, ਜਿਸ ਲਈ ਵੀ ਹਰ ਕੋਈ ਕਈ ਤਰ੍ਹਾਂ ਦੇ ਹਰਬੇ ਵਰਤ ਕੇ ਨਾਗਰਿਕ ਤੋਂ ਵੋਟਾਂ ਮੰਗਣ ਵਾਸਤੇ ਅੱਡੀਆਂ ਭਾਰ ਹੋਣਾ ਨਹੀਂ ਭੁੱਲਦਾ। ਫਿਰ ਰਾਜਾਂ ਦੇ ਮੰਤਰੀ ਅਤੇ ਮੁੱਖ ਮੰਤਰੀ ਤੱਕ ਬਹੁਤ ਲੋੜਾਂ ਲਈ ਕੇਂਦਰ ਸਰਕਾਰ ਅੱਗੇ ਝੋਲੀਆਂ ਅੱਡ ਕੇ ਮੰਗਣ ਤੋਂ ਨਹੀਂ ਸ਼ਰਮਾਉਂਦੇ। ਕਈ ਖੇਤਰਾਂ ਵਿੱਚ ਰਾਜ ਨਾ ਸਮਰੱਥ ਹੁੰਦੇ ਹਨ ਅਤੇ ਨਾ ਆਤਮ-ਨਿਰਭਰ, ਜਿਨ੍ਹਾਂ ਖ਼ਾਤਰ ਮੰਗੇ ਬਿਨਾਂ ਨਹੀਂ ਸਰਦਾ। ਰਾਜਾਂ ਦੀ ਇਹ ਮੰਗਣ ਕਿਰਿਆ ਉਦੋਂ ਤੱਕ ਖ਼ਤਮ ਨਹੀਂ ਹੁੰਦੀ, ਜਦੋਂ ਤੱਕ ਮੰਗੀ ਗਈ ਖ਼ੈਰ ਠੂਠੇ ਵਿੱਚ ਨਾ ਪੈ ਜਾਵੇ।
ਕਈ ਵਾਰ ਭਾਰਤ ਸਰਕਾਰ ਨੂੰ ਵੀ ਲੋੜਾਂ ਖ਼ਾਤਰ ਦੂਜੇ ਵਿਕਸਤ ਦੇਸਾਂ ਤੋਂ ਮੰਗਣਾ ਪੈਂਦਾ ਹੈ, ਤਾਂ ਕਿ ਊਣੇ ਖੇਤਰਾਂ ਨੂੰ ਪੂਰਿਆਂ ਕੀਤਾ ਜਾ ਸਕੇ। ਅਜਿਹਾ ਕਰਦਿਆਂ ਸਰਕਾਰ ਨੂੰ ਵਿਰੋਧੀ ਧਿਰਾਂ ਦੇ ਦੋਸ਼ ਵੀ ਸਹਿਣੇ ਪੈਂਦੇ ਹਨ ਤੇ ਤਿੱਖੀ ਆਲੋਚਨਾ ਵੀ, ਪਰ ਕੇਂਦਰ ਸਰਕਾਰ ਆਪਣੇ ਕੰਮ ਸਾਰਨ ਅਤੇ ਅੱਗੇ ਵਧਣ ਲਈ ਦੋਸ਼ਾਂ ਦੀ ਪਰਵਾਹ ਨਹੀਂ ਕਰਦੀ।
ਕਿਸੇ ਸਰਕਾਰ ਦੇ ਵੀ ਹੋਣ, ਅਧਿਕਾਰੀ ਤੇ ਕਰਮਚਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਮੰਗਣ ਤੋਂ ਕਦੇ ਨਹੀਂ ਹਟਦੇ। ਸਮਾਜ ਦੇ ਹੋਰ ਤਬਕੇ ਵੀ ਮੰਗਣ ਤੋਂ ਪਿੱਛੇ ਨਹੀਂ ਰਹਿੰਦੇ। ਹਾਂ, ਮੰਗਣ ਦਾ ਕੰਮ ਘਟ ਸਕਦਾ ਹੈ, ਜੇ ਵੱਖ-ਵੱਖ ਖੇਤਰਾਂ ਵਿੱਚ ਜਾਗਿਆ ਅਤੇ ਸੁਚੇਤ ਹੋਇਆ ਜਾਵੇ। ਸਨਅਤ, ਤਕਨੀਕ, ਸਿੱਖਿਆ, ਖੇਤੀ, ਵਪਾਰ ਵਿੱਚ ਵਿਕਾਸ ਕਰਨ ਦੇ ਨਾਲ-ਨਾਲ ਦੇਸ਼ ਦੇ ਹਾਕਮ ਬੁਨਿਆਦੀ ਢਾਂਚੇ ਨੂੰ ਵੀ ਉੱਤਮ ਬਣਾਉਣ ਅਤੇ ਲੋੜੀਂਦੀਆਂ ਸਹੂਲਤਾਂ ਪੈਦਾ ਕਰਨ ਵੱਲ ਵੀ ਤਰਜੀਹੀ ਸੁਹਿਰਦਤਾ ਦੇ ਆਧਾਰ ‘ਤੇ ਕਾਰਜ ਕਰਨ।
ਦੇਸ ਦੇ ਲੋਕ ਵੀ ਮੰਗਣ ਵਿੱਚ ਹੀ ਰੁੱਝੇ ਰਹਿੰਦੇ ਹਨ, ਜਿਸ ‘ਚੋਂ ਕੁਝ ਮਿਲਦਾ ਹੈ ਕੁਝ ਨਹੀਂ, ਪਰ ਲੋਕ ਫਿਰ ਵੀ ਮੰਗਣ ਤੋਂ ਨਹੀਂ ਝਿਜਕਦੇ। ਸਰਕਾਰ ਤੋਂ ਉਹ ਕੁਝ ਵੀ ਮੰਗਦੇ ਰਹਿੰਦੇ ਹਨ, ਜੋ ਮਿਲਣਾ ਹੀ ਨਹੀਂ ਹੁੰਦਾ। ਸਰਕਾਰ ਸੰਵਿਧਾਨ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਕੰਮ ਕਰ ਸਕਦੀ ਹੈ, ਬਾਹਰ ਨਹੀਂ ਜਾ ਸਕਦੀ। ਸੰਵਿਧਾਨ ਦੇ ਉਲਟ ਕੰਮ ਉੱਚਤਮ ਅਦਾਲਤ ਰੋਕ ਦੇਵੇਗੀ।
ਮੁਲਕ ਦੀਆਂ ਸਰਕਾਰਾਂ ਅਤੇ ਹਾਕਮਾਂ ਨੂੰ ਹੋਰ ਗੱਲਾਂ ਦੇ ਨਾਲ-ਨਾਲ ਉਹ ਸਿਆਸੀ ਅਮਲ ਕਰਨੇ ਚਾਹੀਦੇ ਹਨ, ਜਿਹੜੇ ਸੁਹਿਰਦ, ਸਾਰਥਿਕ ਅਤੇ ਲੋਕ-ਹਿੱਤ ਵਾਲੇ ਹੋਣ। ਜਿਹੜੇ ਹਾਕਮ ਲੋਕ-ਹਿੱਤ ਦੇ ਕੰਮਾਂ ਨੂੰ ਤਰਜੀਹ ਦੇਣਗੇ, ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੋਕ ਪਸੰਦ ਕਰਨਗੇ। ਲੋਕਾਂ ਦੀਆਂ ਆਸਾਂ ਦੇ ਉਲਟ ਚੱਲਣ ਵਾਲੇ ਹਾਕਮ ਆ ਜਾਣ ਤਾਂ ਜੀਵਨ ਨਰਕ ਬਣ ਜਾਂਦਾ ਹੈ ਤੇ ਸਮਾਜ ਵਿਕਾਸ ਨਹੀਂ ਕਰਦਾ।
ਹਾਕਮਾਂ ਦੇ ਨਾਲ-ਨਾਲ ਜ਼ਰੂਰੀ ਹੈ ਕਿ ਲੋਕਾਂ ਨੂੰ ਸਿਆਸੀ ਸੂਝ-ਬੂਝ ਹੋਵੇ, ਤਾਂ ਕਿ ਉਹ ਆਪਣੇ ਨੁਮਾਇੰਦੇ ਚੁਣਨ ਵੇਲੇ ਠੀਕ ਅਤੇ ਗ਼ਲਤ ਦੀ ਸਹੀ ਪਰਖ ਕਰ ਸਕਣ। ਜੇ ਉਹ ਸਿਆਸੀ ਤੌਰ ‘ਤੇ ਜਾਗ੍ਰਿਤ ਹੋਣਗੇ ਤਾਂ ਉਹ ਸਹੀ ਸਿਆਸੀ ਅਮਲ ਕਰਨ ਦੇ ਸਮਰੱਥ ਹੋਣਗੇ। ਅਜਿਹਾ ਹੋਣ ਨਾਲ ਸਾਰਥਿਕ ਤੇ ਲਾਹੇਵੰਦ ਸਿੱਟੇ ਨਿਕਲਣਗੇ। ਜੇ ਲੋਕਾਂ ਕੋਲ ਸਿਆਸੀ ਸਮਝ ਹੀ ਨਾ ਹੋਵੇ ਤਾਂ ਉਹ ਵੋਟ ਦਾ ਮੁੱਲ ਤਾਂ ਵੱਟ ਸਕਦੇ ਹਨ, ਪਰ ਵਧੀਆ ਹਾਕਮਾਂ ਤੇ ਉੱਤਮ ਰਾਜ-ਭਾਗ ਤੋਂ ਵਿਰਵੇ ਰਹਿ ਜਾਣਗੇ। ਜੇ ਹਾਕਮ ਸਿਆਸੀ ਅਮਲ ਵਿੱਚ ਨਿਰਪੱਖਤਾ ਅਪਣਾਉਣ ਤਾਂ ਤਰੱਕੀ ‘ਚ ਅੜਿੱਕੇ ਪੈਦਾ ਨਹੀਂ ਹੋਣਗੇ।
ਚੰਗਾ ਇਹੀ ਹੈ ਕਿ ਹਾਕਮ ਤੇ ਲੋਕ ਇੱਕੀਵੀਂ ਸਦੀ ਦੇ ਹਾਣ ਦੇ ਹੋਣ, ਤਾਂ ਜੁ ਸਮਾਜ ਦੀਆਂ ਹਨੇਰੀਆਂ ਨੁੱਕਰਾਂ ਵਿੱਚ ਵੀ ਚਾਨਣਾ ਨਜ਼ਰ ਆਵੇ ਅਤੇ ਹਰੇਕ ਦੇਸ਼ ਪ੍ਰਤੀ ਵਫਾਦਾਰ ਹੋਵੇ। ਅਜਿਹਾ ਹੋ ਜਾਣ ਨਾਲ ਦੇਸ਼ ਦੇ ਲੋਕ ਵੀ ਤਰੱਕੀ ਕਰਨਗੇ, ਸਹੂਲਤਾਂ ਵੀ ਵਧਣਗੀਆਂ ਅਤੇ ਸਮੁੱਚਾ ਸਮਾਜ ਵੀ ਹਾਸਲਾਂ ਦੀਆਂ ਸਿਖ਼ਰਾਂ ਛੋਹ ਲਵੇਗਾ। ਚੰਗਾ ਹੋਵੇ, ਜੇ ਲੋਕ ਮੰਗਣ ਦੇ ਰਾਹ ਤੋਂ ਹਟ ਕੇ ਜਾਗਣ ਤੇ ਸੁਚੇਤ ਹੋਣ ਅਤੇ ਦੇਸ਼ ਦੇ ਸਿਆਸੀ ਅਮਲ ਵਿੱਚ ਕ੍ਰਾਂਤੀ ਪੈਦਾ ਕਰਨ ਅਤੇ ਲੋਕਤੰਤਰ ਵਿੱਚ ਜਾਨ ਪਾ ਦੇਣ।

ਅਮੋਲ ਇਨਾਮ ਕਾਇਮ
ਡਾ. ਆਤਮਜੀਤ ਨੇ ਆਪ ਅਤੇ ਆਪਣੇ ਪਰਵਾਰ ਵੱਲੋਂ ਆਪਣੇ ਪਿਤਾ ਪ੍ਰਿੰਸੀਪਲ ਸ਼ ਸ਼ ਅਮੋਲ ਅਤੇ ਮਾਤਾ ਪ੍ਰਤਾਪ ਕੌਰ ਦੀ ਯਾਦ ਵਿੱਚ ਅਮੋਲ ਇਨਾਮ ਕਾਇਮ ਕੀਤਾ ਹੈ, ਜੋ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਦਿੱਤਾ ਜਾਇਆ ਕਰੇਗਾ। ਦਾਨਵੀਰ ਬਣੇ ਰੰਗ-ਕਰਮੀ ਆਤਮਜੀਤ ਨੇ ਅਕਾਦਮੀ ਦੇ ਪ੍ਰਧਾਨ ਰਵਿੰਦਰ ਭੱਠਲ ਤੇ ਹੋਰਨਾਂ ਨੂੰ ਇਨਾਮ ਦੇਣ ਵਾਸਤੇ 5 ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਉਹ ਇਸ ਇਨਾਮ ਲਈ ਰਕਮ ਦੇਣ ‘ਤੇ ਰਿਣ-ਮੁਕਤ ਹੋਇਆ ਸਮਝ ਰਿਹਾ। ਇਹ ਇਨਾਮ ਦੋ ਸਾਲ ਬਾਅਦ ਕਿਸੇ ਉੱਚ-ਕੋਟੀ ਦੇ ਪੰਜਾਬੀ ਲੇਖਕ ਨੂੰ ਦਿੱਤਾ ਜਾਇਆ ਕਰੇਗਾ, ਜਿਸ ਵਿੱਚ 51 ਹਜ਼ਾਰ ਰੁਪਏ ਦੀ ਰਕਮ ਹੋਵੇਗੀ। 2019 ਤੋਂ ਸ਼ੁਰੂ ਕੀਤੇ ਜਾ ਰਹੇ ਇਸ ਇਨਾਮ ਦੀ ਸ਼ਲਾਘਾ ਕਰਨ ਵਾਲਿਆਂ ‘ਚ ਡਾ. ਐੱਸ ਪੀ ਸਿੰਘ ਵੀ ਸ਼ਾਮਲ ਹਨ ਤੇ ਗੁਰਭਜਨ ਗਿੱਲ ਵੀ।

ਭਾਸ਼ਾ ਸੰਗਮ ਪੁਰਸਕਾਰ
ਪੰਜਾਬੀ ਦੇ ਨਾਵਲਕਾਰ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾਵਾਂ ਪੁਰਸਕਾਰ ਮਿਲਣ ਨਾਲ ਪੰਜਾਬੀ ਭਾਸ਼ਾ ਤੇ ਸਾਹਿਤ ਸਨਮਾਨੇ ਗਏ। ਮੁਹਾਲੀ ਵਸਦਾ ਇਹ ਲੇਖਕ ਆਪਣੀ ਲਿਖਣ ਸ਼ੈਲੀ ਦਾ ਆਪ ਮਾਲਕ ਹੈ, ਜੋ ਮੌਲਿਕਤਾ ਭਰਪੂਰ ਵੀ ਹੈ ਅਤੇ ਨਿਵੇਕਲੀ ਵੀ। ਇਹ ਪੁਰਸਕਾਰ ਕਲਕੱਤਾ ਵਿਖੇ ਹਰ ਸਾਲ ਭਾਰਤੀ ਭਾਸ਼ਾ ਸੰਗਮ ਵੱਲੋਂ ਚਾਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਇੱਕ-ਇੱਕ ਲੱਖ ਰੁਪਏ ਦੇ ਕੇ ਰਚਨਾਵਾਂ ਨੂੰ ਸਨਮਾਨਦਾ ਹੈ, ਤਾਂ ਕਿ ਸਾਹਿਤਕਾਰਾਂ ਨੂੰ ਸ਼ਾਬਾਸ਼ ਵੀ ਮਿਲਦੀ ਰਹੇ ਅਤੇ ਲਿਖਣ ਲਈ ਹੁਲਾਰਾ ਵੀ। ਪੰਜਾਬੀ ਭਾਸ਼ਾ ਵਾਸਤੇ ਇਹ ਇਨਾਮ ਲਿਆਉਣ ਵਾਲੇ ਜਸਬੀਰ ਭੁੱਲਰ ਦੀਆਂ ਰਚਨਾਵਾਂ ਨੂੰ ਸ਼ਾਬਾਸ਼ ਅਤੇ ਉਸ ਨੂੰ ਮੁਬਾਰਕਾਂ। ਭਵਿੱਖ ਵਿੱਚ ਵੀ ਉਸ ਤੋਂ ਚੰਗੀਆਂ ਰਚਨਾਵਾਂ ਦੀ ਸਦਾ ਆਸ ਰਹੇਗੀ।

ਕ੍ਰਿਸ਼ਨਾ ਸੋਬਤੀ-ਅਲਵਿਦਾ
ਪੰਜਾਬੀ ਮੁਹਾਵਰੇ ਵਾਲੀ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਦੀ ਮੌਤ ਹੋ ਗਈ। ‘ਮਿੱਤਰੋ ਮਰ ਜਾਣੀ’ ਅਤੇ ‘ਜ਼ਿੰਦਗੀਨਾਮਾ’ ਨਾਵਲਾਂ ਨਾਲ ਉਹ ਪਾਠਕਾਂ ਦੇ ਮਨਾਂ ‘ਤੇ ਡੂੰਘੀ ਮੋਹਰ-ਛਾਪ ਲਗਾ ਗਈ। ਉਸ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦੀ ਝਲਕ ਵੀ ਹੈ, ਜਿਸ ਕਾਰਨ ਉਹ ਪੰਜਾਬੀਆਂ ਦੀ ਵੀ ਚਹੇਤੀ ਰਹੀ। ‘ਜ਼ਿੰਦਗੀਨਾਮਾ’ ਨਾਵਲ ਕਾਰਨ ਸੋਬਤੀ ਨੇ ਅੰਮ੍ਰਿਤਾ ਪ੍ਰੀਤਮ ਵੱਲੋਂ ਆਪਣੀ ਕਿਤਾਬ ‘ਹਰਦੱਤ ਦਾ ਜ਼ਿੰਦਗੀਨਾਮਾ’ ਰੱਖਣ ਕਾਰਨ ਉਸ ‘ਤੇ ਮੁਕੱਦਮਾ ਕਰ ਦਿੱਤਾ। ਉਂਜ ਦੋਹਾਂ ਦਾ ਹੀ ਇਹ ਨਾਂਅ ਮੌਲਿਕ ਨਹੀਂ ਸੀ, ਕਿਉਂਕਿ ਭਾਈ ਨੰਦ ਲਾਲ ਗੋਇਆਂ ਦੀ ਪੁਸਤਕ ‘ਬੰਦਗੀਨਾਮਾ’ ਦਾ ਨਾਂਅ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਿੰਦਗੀਨਾਮਾ’ ਰੱਖਿਆ ਸੀ, ਜੋ ਅੱਜ ਤੱਕ ਵੀ ਹਾਸਲ ਕੀਤੀ ਜਾ ਸਕਦੀ ਹੈ, ਸਮੇਂ ਦੀ ਧੂੜ ਹੇਠ ਨਹੀਂ ਦੱਬੀ ਗਈ। 93 ਵਰ੍ਹਿਆਂ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੀ ਇਸ ਲੇਖਿਕਾ ਦਾ ਨਾਂਅ ਹਮੇਸ਼ਾ ਜਿਉਂਦਾ ਰਹੇਗਾ।

ਲਤੀਫ਼ੇ ਦਾ ਚਿਹਰਾ-ਮੋਹਰਾ
ਚੀਤੇ ਅਤੇ ਗਧੇ ਦੇ ਮਨ ‘ਚ ਆਈ ਕਿ ਕਿਉਂ ਨਾ ਸ਼ੇਰ ਦੀ ਥਾਂ ਜੰਗਲ ਦਾ ਰਾਜਾ ਬਣਿਆ ਜਾਵੇ। ਬਹਿਸ ਕਰਦੇ-ਕਰਦੇ ਉਹ ਸ਼ੋਰ ਮਚਾਉਂਦੇ ਝਗੜ ਪਏ। ਝਗੜਾ ਸ਼ੇਰ ਕੋਲ ਚਲਾ ਗਿਆ। ਸ਼ੇਰ ਨੇ ਚੀਤੇ ਨੂੰ ਸਜ਼ਾ ਸੁਣਾ ਦਿੱਤੀ। ਚੀਤੇ ਨੇ ਸ਼ੇਰ ਨੂੰ ਹਲੀਮੀ ਨਾਲ ਸਜ਼ਾ ਦਾ ਕਾਰਨ ਪੁੱਛਿਆ ਤਾਂ ਸ਼ੇਰ ਤਿੱਖੇ ਸੁਰ ਵਿੱਚ ਝੱਟ ਬੋਲਿਆ : ‘ਚੀਤਾ ਹੋ ਕੇ ਗਧੇ ਨਾਲ ਝਗੜਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?’