ਬਾਦਲਾਂ ਦਾ ਗਲਬਾ ਹਟੇ ਤਾਂ ਸ਼੍ਰੋਮਣੀ ਕਮੇਟੀ ਬਜਟ 10 ਹਜ਼ਾਰ ਕਰੋੜ ਹੋ ਸਕਦੈ: ਖਹਿਰਾ

ਪੰਜਾਬੀ ਏਕਤਾ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਹੱਦੀ ਕਸਬਾ ਕਲਾਨੌਰ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਪੰਜਾਬ ਦੀ ਤਸਵੀਰ ਬਣਾਉਣ ਲਈ ਕਾਂਗਰਸ ਤੇ ਅਕਾਲੀ-ਭਾਜਪਾ ਜ਼ਿਮੇਂਵਾਰ ਹਨ। ਕਿਉਂਕਿ ਪੰਜਾਬ ’ਚ ਵਧ ਰਿਹਾ ਨਸ਼ਾ, ਰੇਤ ਤੇ ਭੂਮੀ-ਮਾਫੀਆ ਇਨ੍ਹਾਂ ਪਾਰਟੀਆਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਵਿਧਾਇਕਾਂ, ਮੰਤਰੀਆਂ ਤੇ ਹੋਰ ਆਗੂਆਂ ਨੂੰ ਪੰਜਾਬ ਦੇ ਲੋਕਾਂ ਤੇ ਕੁਦਰਤੀ ਸ਼੍ਰੋਤਾਂ ਨਾਲ ਕੋਈ ਮੋਹ ਨਹੀਂ, ਸਗੋਂ ਇਹ ਤਾਂ ਆਪਣੇ ਘਰਾਂ/ਤਜੋਰੀਆਂ ਨੂੰ ਭਰਨ ਲਈ ਕਾਹਲੇ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਛੁਡਾਇਆਂ ਜਾਵੇ ਤਾਂ ਅੱਜ ਕਮੇਟੀ ਦਾ 12 ਸੌ ਕਰੋੜ ਤੋਂ ਵਧ ਕੇ 10 ਹਜ਼ਾਰ ਕਰੋੜ ਰੁਪਏ ਦਾ ਬਜ਼ਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਚੋਣਾਂ ਨੇੜੇ ਹੋਣ ’ਤੇ ਪੰਥ ਖ਼ਤਰੇ ’ਚ ਹੋਣ ਦੀ ਯਾਦ ਆਉਂਦੀ ਹੈ। ਜਦੋਂਕਿ 2015 ਵਿੱਚ ਕਈ ਪਿੰਡਾਂ ’ਚ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੇ ਬਹਿਬਲਾ ਕਲਾਂ ’ਚ ਗੋਲੀ ਚਲਾ ਕੇ ਦੋ ਨੌਜਵਾਨਾਂ ਦੇ ਮਾਰੇ ਜਾਣ ਦਾ ਕੋਈ ਅਫਸੋਸ ਨਹੀਂ। ਰਵਾਇਤੀ ਪਾਰਟੀ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਜਗ੍ਹਾਂ, ਸਗੋਂ ਸਹੂਲਤਾਂ ਖੋਹ ਦੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ 1985 ਤੱਕ ਪੰਜਾਬ ’ਤੇ ਕੋਈ ਕਰਜ਼ ਨਹੀਂ ਸੀ। ਪਰ 32 ਸਾਲਾਂ ’ਚ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਹਰ ਕੰਮ ’ਚ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਜੋ ਪੰਜਾਬ ’ਚ ਕਰਜ਼ ਵੱਧਦਾ ਗਿਆ। ਹਲਕਾ ਡੇਰਾ ਬਾਬਾ ਨਾਨਕ ਦੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਖ਼ੁਸ਼ਹਾਲਪੁਰ ਦੁਆਰਾ ਕਰਵਾਈ ਪਲੇਠੀ ਰੈਲੀ ’ਚ ਬੋਲਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਅਜੋਕੇ ਦੌਰ ਦੀ ਰਾਜਨੀਤੀ ਸਮਾਜ ਸੇਵਾ ਨਹੀਂ, ਸਗੋਂ ਧੰਦਾ ਹੈ। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਕੋਲ 700 ਬੱਸਾਂ, ਇਸੇ ਤਰ੍ਹਾਂ ਉਨ੍ਹਾਂ ਹੋਰ ਅਕਾਲੀ ਤੇ ਕਾਂਗਰਸ ਲੀਡਰਾਂ ਦੀਆਂ ਬੱਸਾਂ ਹਨ। ਇਨ੍ਹਾਂ ’ਚ ਕੁਝ ਬੱਸਾਂ ਤਾਂ 2-3 ਕਰੋੜ ਰੁਪਏ ਤੱਕ ਹਨ। ਪਰ ਆਮ ਆਦਮੀ ਰੋਟੀ ਲਈ ਜੱਦੋ ਜਹਿਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਅਕਾਲੀ ਦਲ ਨੇ ਪੰਜਾਬ ਦੀ ਲੁੱਟ ਖਸੁੱਟ ਕੀਤਾ,ਹੁਣ ਉਹੋ ਕੰਮ ਕਾਂਗਰਸ ਦੇ ਲੋਕ ਕਰ ਰਹੇ ਹਨ। ਉਨ੍ਹਾਂ ਪੰਜਾਬ ਸਿਰ ਇੱਕ ਲੱਖ ਕਰੋੜ ਰੁਪਏ ਦਾ ਕਰਜ਼ ਹੈ, ਕਿਸਾਨਾਂ ਦੇ ਆਤਮਹੱਤਿਆਂ ਕਰਨ ਦਾ ਰੁਝਾਨ ਘੱਟ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ, ਸਿਹਤ ਸਹੂਲਤਾਂ ਸਣੇ ਹੋਰ ਵਿਭਾਗਾਂ ਵਿੱਚ ਲੱਖਾਂ ਪੋਸਟਾਂ ਖ਼ਾਲੀ ਹਨ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਜਮਹੂਰੀ ਗੱਠਜੋੜ ਨੂੰ ਲੋਕ ਸਭਾ ਚੋਣਾਂ ’ਚ ਉਤਾਰਿਆ ਜਾ ਰਿਹਾ ਹੈ ਤੇ ਇਮਾਨਦਾਰ, ਇਨਕਲਾਬੀ ਤੇ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨੇ ਨਾਅਰਾ ਲਾਉਂਦੇ ਹੋਇਆ ਕਿਹਾ ਕਿ ‘ਤਖਤ ਬਦਲ ਦਿਓ ਤਾਜ਼ ਬਦਲ ਦਿਓ’ ਕੈਪਟਨ-ਬਾਦਲਾਂ ਦਾ ਰਾਜ ਬਦਲ ਦਿਓ’ ’ਤੇ ਸਮਰਥਕਾਂ ਜੈਕਾਰੇ ਗੂੰਜਾਏ। ਇਸ ਮੌਕੇ ਅਮਰਜੀਤ ਸਿੰਘ ਚਾਹਲ, ਗਗਨਦੀਪ ਸਿੰਘ ਗੱਗੂ, ਹਰਭਜਨ ਸਿੰਘ ਲੁਕਮਾਨੀਆਂ, ਕੰਵਲਜੀਤ ਸਿੰਘ ਖੁਸਹਾਲਪੁਰ, ਸੁਖਿੰਦਰ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਚੰਦ ਸਿੰਘ, ਹੀਰਾ ਸਿੰਘ ਰਹੀਮਾਬਾਦ, ਬਲਦੇਵ ਸਿੰਘ ਕੋਠੇ ਆਦਿ ਹਾਜ਼ਰ ਸਨ।