ਬਿਹਾਰ ਰੇਲ ਹਾਦਸੇ ’ਚ ਛੇ ਦੀ ਮੌਤ, 29 ਜ਼ਖ਼ਮੀ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ’ਚ ਅੱਜ ਦਿੱਲੀ ਜਾ ਰਹੀ ਜੋਗਬਨੀ-ਆਨੰਦ ਵਿਹਾਰ ਸੀਮਾਂਚਲ ਐੱਕਸਪ੍ਰੈੱਸ ਦੇ 11 ਡੱਬੇ ਲੀਹੋਂ ਲੱਥ ਜਾਣ ਕਾਰਨ 6 ਮੁਸਾਫਰਾਂ ਦੀ ਮੌਤ ਹੋ ਗਈ ਤੇ 29 ਜ਼ਖ਼ਮੀ ਹੋ ਗਏ। ਕਿਸ਼ਨਗੰਜ ਜ਼ਿਲ੍ਹੇ ਅੰਦਰ ਜੋਗਬਨੀ ਤੋਂ ਚੱਲਣ ਵਾਲੀ ਇਸ ਰੇਲ ਗੱਡੀ ਨਾਲ ਇਹ ਹਾਦਸਾ ਤੜਕੇ ਚਾਰ ਵਜੇ ਦੇ ਕਰੀਬ ਵਾਪਰਿਆ। ਪੂਰਬੀ-ਕੇਂਦਰੀ ਜ਼ੋਨ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਇਹ ਹਾਦਸਾ ਸੋਨਪੁਰ ਡਿਵੀਜ਼ਨ ’ਚ ਸਹਾਦਾਈ ਬੁਜ਼ਰਗ ਨੇੜੇ ਵਾਪਰਿਆ। ਇਸ ਰੇਲ ਗੱਡੀ ਦਾ ਇੱਕ ਸਾਧਾਰਨ ਯਾਤਰੀ ਡੱਬਾ, ਇੱਕ ਏਸੀ ਡੱਬਾ, ਤਿੰਨ ਸਲੀਪਰ ਡੱਬੇ ਤੇ ਛੇ ਹੋਰ ਡੱਬੇ ਲੀਹੋਂ ਉੱਤਰੇ ਹਨ। ਰੇਲਵੇ ਨੇ ਹਾਲਾਂਕਿ ਪਹਿਲਾਂ ਜਾਰੀ ਸੂਚਨਾ ’ਚ ਮ੍ਰਿਤਕਾਂ ਦੀ ਗਿਣਤੀ ਸੱਤ ਦੱਸੀ ਸੀ, ਪਰ ਬਾਅਦ ਵਿੱਚ ਉਸ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਮ੍ਰਿਤਕਾਂ ਦੀ ਗਿਣਤੀ ਛੇ ਦੱਸੀ। ਰਾਜੇਸ਼ ਕੁਮਾਰ ਨੇ ਦੱਸਿਆ, ‘ਵੈਸ਼ਾਲੀ ਜ਼ਿਲ੍ਹੇ ਦੇ ਹਸਪਤਾਲਾਂ ’ਚੋਂ ਜਾਣਕਾਰੀ ਇਕੱਠੀ ਕਰਨ ਸਮੇਂ ਹੋਈ ਗੜਬੜੀ ਕਾਰਨ ਮ੍ਰਿਤਕਾਂ ਦੀ ਗਿਣਤੀ ਗਲਤ ਦੱਸੀ ਗਈ ਸੀ।’ ਸਰਕਾਰੀ ਰੇਲਵੇ ਪੁਲੀਸ ਨੇ ਦੱਸਿਆ ਕਿ ਰੇਲ ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਇਲਚਾ ਦੇਵੀ (66), ਇੰਦਰਾ ਦੇਵੀ (60), ਸ਼ਮਸੂਦੀਨ ਆਲਮ (26), ਅਨਸਰ ਆਲਮ (19), ਸ਼ਾਇਦਾ ਖਾਤੂਨ (40), ਸੁਦਰਸ਼ਨ ਦਾਸ (60) ਵਜੋਂ ਹੋਈ ਹੈ। ਇਸ ਹਾਦਸੇ ’ਚ 29 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਦੋ ਦੇ ਗੰਭੀਰ ਸੱਟਾਂ ਵੱਜੀਆਂ ਹਨ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਇਸ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ ਇੱਕ ਲੱਖ ਤੇ ਘੱਟ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।