ਮੋਦੀ ਦੀ ਬੰਗਾਲ ਰੈਲੀ ’ਚ ਭਗਦੜ; ਔਰਤਾਂ ਤੇ ਬੱਚਿਆਂ ਸਣੇ ਕਈ ਜ਼ਖ਼ਮੀ

ਪੱਛਮੀ ਬੰਗਾਲ ਦੇ ਉੱਤਰੀ 24 ਪਰਗਣਾ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਸਥਿਤੀ ਬੇਕਾਬੂ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਾਸ਼ਣ ਅੱਧ ਵਿਚਕਾਰ ਹੀ ਸਮੇਟਣਾ ਪਿਆ। ਇਸ ਦੌਰਾਨ ਭਗਦੜ ਵਿਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਵੀ ਸਮਾਚਾਰ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਕਾਫੀ ਗਿਣਤੀ ਵਿਚ ਬੱਚੇ ਅਤੇ ਔਰਤਾਂ ਜ਼ਖ਼ਮੀ ਹੋਏ ਹਨ। ਇਸ ਦੌਰਾਨ ਮੋਦੀ ਨੇ ਆਪਣੀ ਰਾਜਸੀ ਲੜਾਈ ਦਾ ਬਿਗਲ ਵਜਾਉਂਦਿਆਂ ਤੇ ਨਾਗਰਿਕ ਬਿਲ ਲਈ ਮੈਦਾਨ ਤਿਆਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਇਨਸਾਫ਼ ਅਤੇ ਇੱਜ਼ਤ ਦੇਣਗੇ, ਜਿਨ੍ਹਾਂ ਵਿਰੁੱਧ ਧਾਰਮਿਕ ਤੌਰ ਉੱਤੇ ਜ਼ੁਲਮ ਢਾਹੇ ਜਾ ਰਹੇ ਹਨ। ਇਸ ਦੌਰਾਨ ਦੁਰਗਾਪੁਰ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਉੱਤੇ ਜਬਰਦਸਤ ਹਮਲੇ ਕੀਤੇ ਅਤੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਮੱਧ ਵਰਗ ਦੇ ਸੁਪਨੇ ਤਬਾਹ ਕਰ ਦਿੱਤੇ ਹਨ ਤੇ ਤ੍ਰਿਣਾਮੂਲ ਪਾਰਟੀ ਪੱਛਮੀ ਬੰਗਾਲ ਦੇ ਵਿਚ ’ਟ੍ਰਿਪਲ ਟੀ’ ਤ੍ਰਿਣਾਮੂਲ ਟੋਲਾਬਾਜ਼ੀ ਟੈਕਸ (ਜਬਰੀ ਵਸੂਲੀ) ਵਜੋਂ ਜਾਣੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮਾਤੂਆ ਭਾਈਚਾਰੇ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਤਾਂ ਪੰਡਾਲ ਤੋਂ ਬਾਹਰ ਖੜ੍ਹੇ ਲੋਕ ਰੈਲੀ ਦੇ ਕੇਂਦਰੀ ਸਥਾਨ ਵੱਲ੍ਹ ਜਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਲੱਗੇ ਜਿਨ੍ਹਾਂ ਨੂੰ ਪੁਲੀਸ ਅਧਿਕਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਪੀਲ ਕੀਤੀ ਕਿ ਉਹ ਆਪੋ ਆਪਣੀ ਜਗ੍ਹਾ ਉੱਤੇ ਬੈਠ ਜਾਣ ਅਤੇ ਸਟੇਜ ਦੇ ਅੱਗੇ ਆਉਣ ਦੀ ਕੋਸ਼ਿਸ਼ ਨਾ ਕਰਨ। ਇਸ ਦੌਰਾਨ ਮੋਦੀ ਦੀਆਂ ਅਪੀਲਾਂ ਦਾ ਲੋਕਾਂ ਉੱਤੇ ਅਸਰ ਨਾ ਹੋਇਆ ਤੇ ਲੋਕਾਂ ਨੇ ਸੁਰੱਖਿਆ ਘੇਰੇ ਵਿਚ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਸਥਿਤੀ ਕਾਬੂ ਵਿਚ ਨਾ ਆਉਂਦੀ ਦੇਖ ਕੇ ਪ੍ਰਧਾਨ ਮੰਤਰੀ ਨੇ ਅਚਾਨਕ ਆਪਣਾ ਭਾਸ਼ਣ ਇਹ ਕਹਿ ਕੇ ਸੰਖੇਪ ਦਿੱਤਾ ਕਿ ਉਨ੍ਹਾਂ ਨੇ ਹੋਰ ਥਾਂ ਰੈਲੀ ਵਿਚ ਜਾਣਾ ਹੈ ਤੇ ਤੁਰੰਤ ਸਟੇਜ ਤੋਂ ਚਲੇ ਗਏ। ਇਸ ਦੌਰਾਨ ਮਚੀ ਭਗਦੜ ਵਿਚ ਕਈ ਔਰਤਾਂ ਅਤੇ ਬੱਚੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਭਾਜਪਾ ਦੀ ਬੰਗਾਲ ਇਕਾਈ ਅਨੁਸਾਰ ਬਹੁਤ ਘੱਟ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਹੀ ਤ੍ਰਿਣਮੂਲ ਕਾਂਗਰਸ ਦੇ ਉੱਤਰੀ 24 ਪਰਗਣਾ ਦੇ ਪ੍ਰਧਾਨ ਜਿਓਤੀ ਪਰੀਈਓ ਮੁਲਿਕ ਨੇ ਕਿਹਾ ਕਿ ਜੋ ਲੋਕ ਇੱਕ ਰੈਲੀ ਦਾ ਸਹੀ ਪ੍ਰਬੰਧ ਨਹੀਂ ਕਰ ਸਕਦੇ, ਉਨ੍ਹਾਂ ਨੂੰ ਬੰਗਾਲ ਜਿੱਤਣ ਦੇ ਸੁਪਨੇ ਲੈਣੇ ਛੱਡ ਦੇਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਦੀ ਰੈਲੀ ਦੇ ਨੇੜੇ ਹੀ ਤਿ੍ਣਮੂਲ ਕਾਂਗਰਸ ਨੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਸੀ।