ਸੋਨੇ ਨਾਲ ਲੱਦਿਆ ਤਸਕਰ ਅਫ਼ੀਮ ਸਮੇਤ ਕਾਬੂ

ਜ਼ਿਲ੍ਹਾ ਪੁਲੀਸ ਪਟਿਆਲਾ ਨੇ ਹਰਿਆਣਾ ਨਾਲ਼ ਸਬੰਧਤ ਇੱਕ ਧਨਾਢ ਵਿਅਕਤੀ ਅਤੇ ਉਸ ਦੀ ਪੰਜਾਬ ਵਾਸੀ ਇੱਕ ਮਹਿਲਾ ਦੋਸਤ ਨੂੰ 3 ਕਿਲੋ 4 ਸੌ ਗਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰੀ ਮੌਕੇ ਮੁਲਜ਼ਮਾਂ ਨੇ 26 ਤੋਲ਼ੇ ਸੋਨਾ ਪਹਿਨਿਆ ਹੋਇਆ ਸੀ। 70 ਏਕੜ ਜ਼ਮੀਨ ਦੇ ਮਾਲਕ ਇਸ ਵਿਅਕਤੀ ਦੇ ਕਬਜ਼ੇ ’ਚੋਂ ਜਾਅਲੀ ਨੰਬਰ ਪਲੇਟਾਂ ਵਾਲ਼ੀਆਂ ਦੋ ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਹਨ। ਇਸ ਵਿਅਕਤੀ ਨੂੰ ਪਹਿਲਾਂ ਹੀ ਨਸ਼ਾ ਤਸਕਰੀ ਦੇ ਇੱਕ ਕੇਸ ਵਿਚ ਸਜ਼ਾ ਹੋਈ ਸੀ, ਪਰ ਜੇਲ੍ਹ ਤੋਂ ਛੁੱਟੀ ’ਤੇ ਆ ਕੇ ਉਹ ਫਰਾਰ ਹੋ ਗਿਆ ਸੀ। ਜਦਕਿ ਇਸ ਦੀ ਸਾਥਣ ਖ਼ਿਲਾਫ਼ ਵੀ ਵੀਹ ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਇੱਕ ਨਸ਼ਾ ਤਸਕਰੀ ਦਾ ਜਦਕਿ 19 ਕੇਸ ਚੋਰੀ ਅਤੇ ਲੁੱਟ ਖੋਹ ਦੇ ਹਨ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਜਸਵਿੰਦਰ ਸਿੰਘ ਉਰਫ਼ ਸਰਪੰਚ ਵਾਸੀ ਪਿੰਡ ਪਲਸਰ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਅਤੇ ਅਮਰਜੀਤ ਕੌਰ ਅਮਰੋ ਪਤਨੀ ਮਰਹੂਮ ਮਹਿੰਦਰ ਸਿੰਘ ਵਾਸੀ ਪਿੰਡ ਮੁਰਾਦਪੁਰਾ ਥਾਣਾ ਸਮਾਣਾ ਵਜੋਂ ਹੋਈ, ਜਿਨ੍ਹਾਂ ਨੂੰ ਚੀਕਾ ਤੋਂ ਪੰਜਾਬ ਅੰਦਰ ਦਾਖਲ ਹੋਣ ਮੌਕੇ ਥਾਣਾ ਸਦਰ ਪਟਿਆਲਾ ਦੇ ਬਲਬੇੜਾ ਕੋਲੋਂ ਗ੍ਰਿਫ਼ਤਾਰ ਕੀਤਾ। ਸੀਆਈਏ ਸਟਾਫ਼ ਸਮਾਣਾ ਦੇ ਇੰਚਾਰਜ ਵਿਜੈ ਕੁਮਾਰ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਦੋਵੇਂ ਮੁਲਜ਼ਮ ਪਜੇਰੋ ਗੱਡੀ ਵਿਚ ਅਫ਼ੀਮ ਲੈ ਕੇ ਆ ਰਹੇ ਹਨ। ਇਸ ਤਹਿਤ ਵਿਜੈ ਕੁਮਾਰ ਨੇ ਪਟਿਆਲਾ ਦੇ ਡੀਐੱਸਪੀ (ਆਰ) ਗੁਰਦੇਵ ਸਿੰਘ ਧਾਲ਼ੀਵਾਲ ਦੀ ਹਾਜ਼ਰੀ ਵਿੱਚ ਬਲਬੇੜਾ ਵਿਖੇ ਨਾਕੇ ਦੌਰਾਨ ਦੋਵਾਂ ਨੂੰ ਪਜੇਰੋ ਗੱਡੀ ਵਿਚੋਂ ਤਿੰਨ ਕਿਲੋ ਅਫ਼ੀਮ ਸਮੇਤ ਕਾਬੂ ਕਰ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਅਮਰੋ ਦੀ ਸਮਾਣਾ ਸਥਿਤ ਕੋਠੀ ਵਿਚ ਖੜ੍ਹੀ ਉਸ ਦੀ ਔਡੀ ਕਾਰ ਵਿਚੋਂ ਵੀ ਚਾਰ ਸੌ ਗਰਾਮ ਅਫ਼ੀਮ ਬਰਾਮਦ ਕੀਤੀ ਗਈ। ਐੱਸਐੱਸਪੀ ਨੇ ਦੱਸਿਆ ਕਿ ਜਸਵਿੰਦਰ ਸਿੰਘ ਕੋਲ਼ੋਂ 2006 ਵਿਚ ਹਰਿਆਣਾ ਪੁਲੀਸ ਵੱਲੋਂ ਫੜੀ 65 ਬੋਰੀਆਂ ਭੁੱਕੀ ਸਬੰਧੀ ਸਜ਼ਾ ਹੋ ਗਈ ਸੀ। ਪਰ 2014 ਵਿੱਚ ਜੇਲ੍ਹ ਤੋਂ ਪੈਰੋਲ ’ਤੇ ਆਉਣ ਉਪਰੰਤ ਫਰਾਰ ਹੋ ਗਿਆ ਸੀ ਤੇ ਮੁੜ ਤੋਂ ਨਸ਼ਾ ਤਸਕਰੀ ਵਿਚ ਰੁਝ ਗਿਆ। ਇਸ ਕੰਮ ਵਿੱਚ ਉਸ ਦੀ ਇਹ ਮਹਿਲਾ ਦੋਸਤ ਉਸ ਦਾ ਸਾਥ ਦਿੰਦੀ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਐੱਸਪੀ (ਡੀ) ਮਨਜੀਤ ਬਰਾੜ, ਡੀਐੱਸਪੀ ਗੁਰਦੇਵ ਧਾਲ਼ੀਵਾਲ਼ ਅਤੇ ਇੰਸਪੈਕਟਰ ਵਿਜੈ ਕੁਮਾਰ ਮੌਜੂਦ ਸਨ।