ਕਿਸਾਨਾਂ ’ਤੇ ਇੰਦਰ ਮਿਹਰਬਾਨ, ਫ਼ਸਲਾਂ ਵਿਚ ਪਈ ਜਾਨ

ਪੰਜਾਬ ਵਿਚ ਸਵੇਰ ਤੋਂ ਪੈ ਰਿਹਾ ਹਲਕਾ ਮੀਂਹ ਸ਼ਾਮ ਤੱਕ ਭਰਵੇਂ ਮੀਂਹ ਵਿੱਚ ਬਦਲ ਗਿਆ। ਮਾਲਵਾ ਦੇ ਕਈ ਖੇਤਰਾਂ ਵਿੱਚ ਭਾਰੀ ਮੀਂਹ ਪਿਆ ਹੈ। ਪਿਛਲੇ 15 ਦਿਨਾਂ ਤੋਂ ਵੱਧ ਸਮੇਂ ਵਿਚ ਇਹ ਦੂਜੀ ਬਰਸਾਤ ਹੋਈ ਹੈ। ਇਹ ਮੀਂਹ ਤੇ ਠੰਢ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ। ਦੂਜੇ ਪਾਸੇ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਲਈ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਕਿਸਾਨ ਗੁਲਜ਼ਾਰ ਸਿੰਘ ਘੱਲਕਲਾਂ ਤੇ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ ਇੰਦਰ ਦੇਵਤਾ ਮਿਹਰਬਾਨ ਹੋਣ ਨਾਲ ਫ਼ਸਲਾਂ ਵਿਚ ਜਾਨ ਪੈ ਗਈ ਹੈ। ਦੂਜੀਆਂ ਫ਼ਸਲਾਂ ਲਈ ਵੀ ਇਹ ਬਰਸਾਤ ਜੀਵਨ ਬੂਟੀ ਦਾ ਕੰਮ ਕਰੇਗੀ ਭਾਵੇਂ ਕਿ ਕੁਝ ਦਾਲਾਂ ਦੀ ਕਾਸ਼ਤ ਲਈ ਬਰਸਾਤ ਹਾਨੀਕਾਰਕ ਹੋ ਸਕਦੀ ਹੈ। ਖੇਤੀ ਮਾਹਿਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਬਰਸਾਤ ਤੇ ਠੰਢ ਕਣਕ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਸਲ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੀਂਹ ਬਿਲਕੁਲ ਢੁਕਵੇਂ ਸਮੇਂ ਉੱਤੇ ਪੈਣ ਨਾਲ ਪੀਲੀ ਕੁੰਗੀ ਦੇ ਰੋਗ ਤੋਂ ਵੀ ਫ਼ਸਲ ਦਾ ਬਚਾਅ ਹੋਵੇਗਾ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਾਜ ਦੇ ਸਮੂਹ ਖੇਤੀਬਾੜੀ ਅਫਸਰਾਂ ਨੂੰ ਅੱਜ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜ ਵਿੱਚ ਹੋਈ ਬਰਸਾਤ ਹਾੜੀ ਦੀਆਂ ਫਸਲਾਂ ਖਾਸਕਰ ਕਣਕ ਲਈ ਬਹੁਤ ਲਾਹੇਵੰਦ ਹੈ ਜ਼ਿਆਦਾਤਰ ਕਣਕ ਦੀ ਫਸਲ 60 ਦਿਨਾਂ ਤੋਂ ਉਪਰ ਹੋ ਚੁੱਕੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸਾਂ ਮੁਤਾਬਿਕ ਕਣਕ ਦੀ ਫਸਲ ਨੂੰ 2 ਥੈਲੇ ਯੂਰੀਆ ਖਾਦ ਪ੍ਰਤੀ ਏਕੜ ਤੋਂ ਵੱਧ ਨਹੀਂ ਪਾਉਣੀ ਚਾਹੀਦੀ ਅਤੇ ਇਹ ਖਾਦ ਬਿਜਾਈ ਤੋਂ 60 ਦਿਨਾਂ ਦੇ ਅੰਦਰ ਅੰਦਰ ਹੀ ਪਾਉਣੀ ਚਾਹੀਦੀ ਹੈ। ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬੇਲੋੜੀ ਖਾਦ ਦੀ ਵਰਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ।
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਪੱਟੀ ਵਿਚ ਅੱਜ ਮੁੜ ਮੀਂਹ ਵਰ੍ਹਿਆ, ਜਿਸ ਨੂੰ ਖੇਤੀ ਵਿਭਾਗ ਦੇ ਅਧਿਕਾਰੀਆਂ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਹਾੜ੍ਹੀ ਦੀਆਂ ਸਾਰੀਆਂ ਫਸਲਾਂ ਲਈ ਲਾਹੇਵੰਦ ਦੱਸਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਪਹਿਲਾਂ ਪਏ ਮੀਂਹ ਨੇ ਹੀ ਦਿਨਾਂ ਵਿਚ ਹੀ ਫਸਲਾਂ ਨੂੰ ਟਹਿਕਣ ਲਾ ਦਿੱਤੀਆਂ ਸਨ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਡਿੱਗੇ ਇਸ ਅੰਬਰੀ ਪਾਣੀ ਨੇ ਫਸਲਾਂ ਲਈ ਦੇਸੀ ਘਿਓ ਵਾਂਗ ਕੰਮ ਕਰਨਾ ਹੈ ਅਤੇ ਫਸਲਾਂ ਨੇ ਆਉਂਦੇ ਦਿਨਾਂ ਵਿਚ ਹੀ ਗੇੜੇ ਖਾ ਜਾਣੇ ਹਨ।