ਸੈਕਟਰ-20 ਪੰਚਕੂਲਾ ਵਿਚ ਗੋਲੀਆਂ ਚੱਲੀਆਂ; ਦੋ ਜ਼ਖ਼ਮੀ

ਪੰਚਕੂਲਾ ਦੇ ਸੈਕਟਰ-20 ਦੇ ਸ਼ੋਅਰੂਮ ਨੰਬਰ 391 ਵਿੱਚ ਅੱਜ ਪੰਜ ਛੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ| ਸਿੱਟੇ ਵਜੋਂ ਇੱਕ ਦੇ ਸਿਰ ਵਿੱਚ ਗੋਲੀ ਵੱਜੀ ਅਤੇ ਦੂਜੇ ਨੌਜਵਾਨ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ| ਘਬਰਾਏ ਹੋਏ ਇਸ ਨੌਜਵਾਨ ਨੇ ਪਹਿਲਾਂ ਸ਼ੀਸ਼ੇ ਤੋੜੇ ਅਤੇ ਫਿਰ ਛਾਲ ਮਾਰੀ। ਇੰਨੇ ਵਿੱਚ ਇਸ ਦੇ ਸਿਰ ’ਤੇ ਸੱਟਾਂ ਵੱਜੀਆਂ ਤੇ ਹੱਥ ਪੈਰ ਟੁੱਟ ਗਏ। ਇਹ ਘਟਨਾ ਸ਼ਾਮ ਨੂੰ ਵਾਪਰੀ ਹੈ| ਜਿਹੜੇ ਨੌਜਵਾਨ ਇੱਥੇ ਆਏ ਸਨ ਉਹ ਬੜੇ ਆਰਾਮ ਨਾਲ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ| ਸੈਕਟਰ-20 ਦੇ ਐੱਸਐੱਚਓ ਅਜੈ ਦਿਸੋਦੀਆ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਨੌਜਵਾਨ ਦਾ ਨਾਂ ਸੰਨੀ ਹੈ ਅਤੇ ਦੂਜੇ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਵਿੱਚ ਇੱਕ ਨੌਜਵਾਨ ਨੂੰ ਸੈਕਟਰ ਛੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਦਕਿ ਦੂਜੇ ਜਿਸ ਦੇ ਸਿਰ ਵਿੱਚ ਗੋਲੀਆਂ ਵੱਜੀਆਂ ਸਨ, ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲੀਸ ਮੌਕੇ ’ਤੇ ਪਹੁੰਚ ਗਈ। ਮੌਕੇ ’ਤੇ ਏਸੀਪੀ ਨੂਪੁਰ ਬਿਸ਼ਨੋਈ, ਏਸੀਪੀ ਓਮ ਪ੍ਰਕਾਸ਼, ਸੈਕਟਰ-20 ਦੇ ਐਸਐਚਓ ਅਜੈ ਦਿਸੋਦੀਆ, ਕ੍ਰਾਈਮ ਬ੍ਰਾਂਚ ਦੇ ਐਸਐਚਓ ਅਮਨ ਕੁਮਾਰ ਐਸਐਚਓ ਕਰਮਵੀਰ ਅਤੇ ਹੋਰ ਕਈ ਪੁਲੀਸ ਦੇ ਆਲਾ ਅਫਸਰ ਪਹੁੰਚ ਗਏ। ਉਨ੍ਹਾਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲੀਸ ਨੇ ਆਸ ਪਾਸ ਦੀਆਂ ਦੁਕਾਨਾਂ ਤੋਂ ਸੀਸੀਟੀਵੀ ਕੈਮਰੇ ਖੰਗਾਲੇ ਹਨ| ਇਨ੍ਹਾਂ ਕੈਮਰੇ ਰਾਹੀਂ ਪਤਾ ਲੱਗਿਆ ਹੈ ਕਿ ਹਮਲਾਵਰਾਂ ਦੀ ਗਿਣਤੀ ਪੰਜ ਤੋਂ ਛੇ ਸੀ| ਇਹ ਘਟਨਾ ਸ਼ੋਅਰੂਮ ਦੀ ਪਹਿਲੀ ਫਲੌਰ ’ਤੇ ਵਾਪਰੀ| ਇਸ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਉੱਤੇ ਪ੍ਰਾਪਰਟੀ ਅਤੇ ਫਾਈਨਾਂਸ ਦਾ ਕੰਮ ਚੱਲਦਾ ਸੀ| ਪੁਲੀਸ ਨੇ ਇੱਥੋਂ ਰੰਗ ਬਰੰਗੀਆਂ ਤਾਸ਼ਾਂ ਅਤੇ ਇਸ ਘਟਨਾ ਵਿੱਚ ਵਰਤੇ ਗਏ ਦੋ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਇੱਕ ਟੀਮ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਵੀ ਭੇਜੀ ਹੈ| ਜਿੱਥੋਂ ਗੰਭੀਰ ਹੋਏ ਜ਼ਖ਼ਮੀ ਦਾ ਪਤਾ ਲੱਗ ਸਕੇ| ਦੇਰ ਸ਼ਾਮ ਤੱਕ ਪੁਲੀਸ ਦੀ ਇਸ ਘਟਨਾ ਬਾਰੇ ਖੋਜਬੀਨ ਜਾਰੀ ਸੀ। ਏਸੀਪੀ ਓਮ ਪ੍ਰਕਾਸ਼ ਅਤੇ ਸੈਕਟਰ-20 ਦੇ ਐਸਐਚਓ ਅਜੈ ਦਿਸੋਦੀਆ ਨੇ ਕਿਹਾ ਕਿ ਿੲਸ ਸ਼ੋਅਰੂਮ ਵਿਚ ਪ੍ਰਾਪਰਟੀ ਅਤੇ ਫਾਈਨਾਂਸ ਦਾ ਕਾਰੋਬਾਰ ਹੁੰਦਾ ਸੀ।