ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਵਸੀਲਿਆਂ ਤੋਂ ਵੱਧ ਸੰਪਤੀ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਦਾ ਇਕ ਹੋਰ ਜੱਜ ਸੁਣਵਾਈ ਤੋਂ ਲਾਂਭੇ ਹੋ ਗਿਆ ਹੈ। ਜੋੜੇ ਦੇ ਵਕੀਲ ਦੇ ਵਤੀਰੇ ਤੋਂ ਨਾਰਾਜ਼ ਹੋ ਕੇ ਜਸਟਿਸ ਨਜਮੀ ਵਜ਼ੀਰੀ ਨੇ ਕੇਸ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਜਸਟਿਸ ਮੁਕਤਾ ਗੁਪਤਾ ਨੇ ਕੋਈ ਕਾਰਨ ਦੱਸੇ ਬਿਨਾਂ ਹੀ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲਿਆ ਸੀ। ਜਸਟਿਸ ਵਜ਼ੀਰੀ ਨੇ ਬੁੱਧਵਾਰ ਨੂੰ ਵੀਰਭੱਦਰ ਸਿੰਘ ਦੇ ਵਕੀਲ ਦੀ ਖਿਚਾਈ ਕੀਤੀ ਜੋ ਆਖਦਾ ਰਿਹਾ ਕਿ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਕੇਸ ਦੀ ਪੈਰਵੀ ਕਰਨਗੇ ਪਰ ਇਸ ਸਮੇਂ ਉਹ ਦੂਜੀ ਅਦਾਲਤ ’ਚ ਹਨ। ਵੀਰਭੱਦਰ ਸਿੰਘ ਨੇ ਟਰਾਇਲ ਕੋਰਟ ਵੱਲੋਂ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮਾਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਜਸਟਿਸ ਵਜ਼ੀਰੀ ਨੇ ਕਿਹਾ ਕਿ ਉਹ ਕੇਸ ਦੀ ਅੱਜ ਸੁਣਵਾਈ ਨਹੀਂ ਕਰਨਗੇ। ‘ਕੇਸ ’ਚ ਕੁਝ ਵੀ ਖ਼ਾਸ ਨਹੀਂ ਹੈ। ਇਹ ਨਿੱਜੀ ਆਜ਼ਾਦੀ ਦਾ ਮਾਮਲਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਉਹ ਕੇਸ ਦੀ ਸੁਣਵਾਈ ਨਹੀਂ ਕਰਨਗੇ ਅਤੇ ਇਸ ਨੂੰ ਦੂਜੇ ਬੈਂਚ ਸਾਹਮਣੇ ਸੂਚੀਬੱਧ ਕੀਤਾ ਜਾਵੇ। ਇਸ ਮਗਰੋਂ ਸੀਨੀਅਰ ਵਕੀਲ ਡੀ ਕ੍ਰਿਸ਼ਨਨ ਪੇਸ਼ ਹੋਏ ਅਤੇ ਉਨ੍ਹਾਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਦੂਜੇ ਮਾਮਲੇ ’ਚ ਫਸਣ ਕਰਕੇ ਸਮੇਂ ਸਿਰ ਨਹੀਂ ਪਹੁੰਚ ਸਕੇ। ਜਸਟਿਸ ਵਜ਼ੀਰੀ ਨੇ ਕਿਹਾ ਕਿ ਪਹਿਲੇ ਵਕੀਲ ਨੇ ਉਨ੍ਹਾਂ ਦਾ ਨਾਮ ਨਹੀਂ ਲਿਆ ਸੀ। ਉਨ੍ਹਾਂ ਕੇਸ ਦੀ ਸੁਣਵਾਈ ਦੂਜੇ ਬੈਂਚ ਮੂਹਰੇ 6 ਫਰਵਰੀ ਲਈ ਨਿਰਧਾਰਤ ਕਰ ਦਿੱਤੀ।
INDIA ਵੀਰਭੱਦਰ ਕੇਸ: ਇਕ ਹੋਰ ਜੱਜ ਸੁਣਵਾਈ ਤੋਂ ਲਾਂਭੇ