ਪਿਓ ਦੀ ਮੱਤ ਨੇ ਪੁੱਤ ਦੀ ਮੱਤ ਦਿੱਤੀ ਮਾਰ

ਜ਼ਿਲ੍ਹਾ ਪੁਲੀਸ ਨੇ ਅਸਲਾ ਚੋਰੀ ਕਰਨ ਵਾਲੇ ਗਰੋਹ ਨੂੰ ਚਾਰ ਦਿਨ ਵਿੱਚ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ‘ਚ ਅਸਲਾ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਗਰੋਹ ਦੇ ਛੇ ਮੈਂਬਰਾਂ ‘ਚੋਂ ਪੰਜ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੜਿਆ ਗਰੋਹ ਹਥਿਆਰਾਂ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਕਰ ਰਿਹਾ ਸੀ। ਅਸਲਾ ਚੋਰੀ ਦੀ ਸਾਜ਼ਿਸ਼ ਗਰੋਹ ਦੇ ਮੁੱਖ ਸਰਗਨਾ ਲਵਪ੍ਰੀਤ ਸਿੰਘ ਉਰਫ਼ ਲਵੀ ਜਿਉਂਦ ਅਤੇ ਉਸ ਦੇ ਸਾਥੀ ਜਸਪਾਲ ਸਿੰਘ ਉਰਫ਼ ਜੱਸੀ ਵਾਸੀ ਜੈਦ ਵੱਲੋਂ ਰਚੀ ਗਈ ਸੀ। ਲਵੀ ਦਾ ਪਿਤਾ ਵੀ ਚੋਰੀ ਵਿੱ ਸ਼ਾਮਲ ਸੀ। ਗਰੋਹ ਦੀ ਪੈੜ ਨੱਪਣ ‘ਚ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਅਹਿਮ ਭੂਮਿਕਾ ਹੈ। ਗਰੋਹ ਵੱਲੋਂ 25 ‘ਤੇ 26 ਜਨਵਰੀ ਦੀ ਦਰਮਿਆਨੀ ਰਾਤ ਨੂੰ ਨੈਬ ਅਸਲਾ ਕੰਪਨੀ ਤਪਾ ਵਿੱਚੋਂ ਇਹ ਚੋਰ ਕੀਤੀ ਸੀ ਤੇ ਹਥਿਆਰਾਂ ਅਤੇ ਕਾਰਤੂਸਾਂ ਤੋਂ ਇਲਾਵਾ 50 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਚੋਰੀ ਹੋਏ 16 ਹਥਿਆਰਾਂ ‘ਚ 10 ਹਥਿਆਰ, 15 ਹਜ਼ਾਰ ਰੁਪਏ ਅਤੇ ਕਾਰਤੂਸ ਬਰਾਮਦ ਕਰ ਲਏ ਗਏ ਹਨ। ਲਵਪ੍ਰੀਤ ਸਿੰਘ ਉਰਫ਼ ਲਵੀ ਕੋਲੋਂ 12 ਬੋਰ ਦੀਆਂ ਬੰਦੂਕਾਂ, ਪਿਸਟਲ, ਏਅਰ ਗੰਨ, ਏਅਰ ਪਿਸਟਲ ਤੋਂ ਇਲਾਵਾ ਕਾਰਤੂਸ ਅਤੇ ਪਾੜ ਲਾਉਣ ਵਾਲੇ ਸੰਦ ਬਰਾਮਦ ਕੀਤੇ ਗਏ ਹਨ। ਅਸਲਾ ਚੋਰੀ ਕੇਸ ‘ਚ ਸ਼ਾਮਲ ਗੋਲੂ ਸਿੰਘ ਉਰਫ਼ ਗੋਲੂ ਵਾਸੀ ਗਿੱਲ ਵਾਲਾ ਖੂਹ ਜਿਉਂਦ, ਕਰਮਜੀਤ ਸਿੰਘ ਉਰਫ਼ ਕਰਮਾ ਵਾਸੀ ਬਦਿਆਲਾ ਰੋਡ ਜਿਉਂਦ ਅਤੇ ਮਨਜੀਤ ਸਿੰਘ ਉਰਫ਼ ਮਨੀ ਵਾਸੀ ਜਿਉਂਦ ਕੋਲੋਂ ਵੀ 12 ਬੋਰ ਦੀਆਂ ਤਿੰਨ ਬੰਦੂਕਾਂ ਤੋਂ ਇਲਾਵਾ ਇੱਕ ਏਅਰ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ। ਐਸ ਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ਼ ਲਵੀ ਦਾ ਪਿਤਾ ਜਸਵੰਤ ਸਿੰਘ ਵੀ ਵਾਰਦਾਤ ਵਿੱਚ ਸ਼ਾਮਲ ਸੀ। ਜਸਵੰਤ ਸਿੰਘ ਕੋਲੋਂ ਚੋਰੀ ਦਾ ਮੋਟਰਸਾਈਕਲ, 15 ਹਜ਼ਾਰ ਰੁਪਏ ਅਤੇ 40 ਕਾਰਤੂਸ 32 ਬੋਰ ਬਰਾਮਦ ਕੀਤੇ ਗਏ। ਅਸਲਾ ਚੋਰੀ ਦੇ ਕੇਸ ‘ਚ ਨਾਮਜ਼ਦ ਰਾਮਪ੍ਰੀਤ ਸਿੰਘ ਵਾਸੀ ਜਿਉਂਦ ਕੋਲੋਂ 10 ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਵਾਰਦਾਤ ‘ਚ ਵਰਤੇ ਮੋਟਰਸਾਈਕਲ ਬਰਨਾਲਾ ਤੋਂ ਚੋਰੀ ਕੀਤੇ ਸੀ।