ਜਾਰਜ ਫਰਨਾਂਡੇਜ਼ ਦਾ ਸਸਕਾਰ ਅੱਜ

ਨਵੀਂ ਦਿੱਲੀ: ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦਾ ਸਸਕਾਰ ਭਲਕੇ ਵੀਰਵਾਰ ਨੂੰ ਲੋਧੀ ਦੇ ਬਿਜਲਈ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ ਜਦੋਂਕਿ ਉਨ੍ਹਾਂ ਦੀਆਂ ਅਸਥੀਆਂ ਅਗਲੇ ਦਿਨ (ਸ਼ੁੱਕਰਵਾਰ ਨੂੰ) ਪ੍ਰਿਥਵੀਰਾਜ ਰੋਡ ਸਥਿਤ ਈਸਾਈਆਂ ਦੇ ਕਬਰਿਸਤਾਨ ਵਿੱਚ ਦਫਨਾਈਆਂ ਜਾਣਗੀਆਂ। ਸਾਬਕਾ ਰੱਖਿਆ ਮੰਤਰੀ ਦੀ ਪਤਨੀ ਲੀਲਾ ਕਬੀਰ ਨੇ ਦੱਸਿਆ ਕਿ ਭਲਕੇ ਉਨ੍ਹਾਂ ਦੀ ਰਿਹਾਇਸ਼ ਸ਼ਾਂਤੀ ਨਿਵਾਸ(ਪੰਚਸ਼ੀਲ ਪਾਰਕ) ਵਿੱਚ ਸਵੇਰੇ 11 ਵਜੇ ਪ੍ਰਾਰਥਨਾ ਦੀ ਰਸਮ ਹੋਵੇਗੀ ਤੇ ਮਿੱਥੇ ਮੁਤਾਬਕ ਸ਼ਾਮ ਤਿੰਨ ਵਜੇ ਲੋਧੀ ਬਿਜਲਈ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਸ੍ਰੀ ਫਰਨਾਂਡੇਜ਼ ਦਾ ਲੰਘੇ ਦਿਨ 88 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ, ਉਹ ਲੰਮੇ ਸਮੇਂ ਤੋਂ ਅਲਜ਼ਾਈਮਰ ਤੋਂ ਪੀੜਤ ਸਨ।