ਬੱਚਿਆਂ ਦੇ ਰਿਪੋਰਟ ਕਾਰਡ ਨੂੰ ‘ਵਿਜ਼ਟਿੰਗ ਕਾਰਡ’ ਨਾ ਬਣਾਉਣ ਮਾਪੇ: ਮੋਦੀ

ਬੱਚਿਆਂ ਦੇ ਰਿਪੋਰਟ ਕਾਰਡ ਨੂੰ ‘ਵਿਜ਼ਟਿੰਗ ਕਾਰਡ’ ਨਾ ਬਣਾਉਣ ਮਾਪੇ: ਮੋਦੀ

ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਬੋਰਡ ਪ੍ਰੀਖਿਆਵਾਂ ਦੌਰਾਨ ਤਣਾਅ ਘਟਾਉਣ ਦੇ ਨੁਕਤੇ ਦੱਸੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਦੇ ‘ਰਿਪੋਰਟ ਕਾਰਡ’ ਨੂੰ ਆਪਣੇ ‘ਵਿਜ਼ਟਿੰਗ ਕਾਰਡ’ ਵਜੋਂ ਨਾ ਪ੍ਰਚਾਰਨ ਤੇ ਉਨ੍ਹਾਂ ਤੋਂ ਇਹ ਆਸ ਵੀ ਨਾ ਕਰਨ ਕਿ ਉਹ ਉਨ੍ਹਾਂ ਦੇ ਸੁਫਨਿਆਂ ਨੂੰ ਸਾਕਾਰ ਕਰਨਗੇ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਅੱਜ ਇਥੇ ਦੋ ਹਜ਼ਾਰ ਦੇ ਕਰੀਬ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਰੂਬਰੂ ਹੁੰਦਿਆਂ ਕੀਤੀਆਂ। ਉਨ੍ਹਾਂ ਮਾਪਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਬੱਚਿਆਂ ਲਈ ਪ੍ਰੇਰਨਾ ਤੇ ਧਰਵਾਸ ਦਾ ਕਾਰਕ ਬਣਨ। ਉਨ੍ਹਾਂ ਬੱਚਿਆਂ ਨੂੰ ਬੋਰਡ ਪ੍ਰੀਖਿਆਵਾਂ ਦੌਰਾਨ ਤਣਾਅ ਘਟਾਉਣ ਦੇ ਨੁਕਤੇ ਵੀ ਦੱਸੇ। ਇਥੇ ਤਾਲਕਟੋਰਾ ਸਟੇਡੀਅਮ ਵਿੱਚ ‘ਪਰੀਕਸ਼ਾ ਪੇ ਚਰਚਾ’ ਦੇ ਦੂਜੇ ਸੰਸਕਰਨ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ, ‘ਮੈਂ ਮਾਪਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੇ ਬੱਚਿਆਂ ਤੋਂ ਇਹ ਆਸ ਨਾ ਕਰਨ ਕਿ ਉਹ ਉਨ੍ਹਾਂ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨਗੇ। ਹਰ ਬੱਚੇ ਦੀ ਆਪਣੀ ਸਮਰੱਥਾ ਤੇ ਤਾਕਤ ਹੁੰਦੀ ਹੈ…ਹਰੇਕ ਬੱਚੇ ਵਿਚਲੇ ਸਾਕਾਰਾਤਮਕ ਗੁਣਾਂ ਨੂੰ ਸਮਝਣ ਦੀ ਲੋੜ ਹੈ। ਮਾਪੇ ਆਮ ਕਰਕੇ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਨੂੰ ਹੀ ਆਪਣਾ ਵਿਜ਼ਟਿੰਗ ਕਾਰਡ ਸਮਝਦੇ ਹਨ, ਜਿਸ ਕਰਕੇ ਬੱਚਿਆਂ ’ਤੇ ਵਾਧੂ ਦਬਾਅ ਪੈਂਦਾ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਹੋਰਨਾਂ ਦੀਆਂ ਪ੍ਰਾਪਤੀਆਂ ਨਾਲ ਮੇਲ ਕੇ ਉਨ੍ਹਾਂ ਨੂੰ ਨਿਰਾਸ਼ ਨਾ ਕਰੋ। ਉਨ੍ਹਾਂ ਕਿਹਾ ਕਿ ਅੱਜ ਦਾ ਸਿੱਖਿਆ ਪ੍ਰਬੰਧ ਦਰਜਾਬੰਦੀ ਪਿੱਛੇ ਦੌੜਨ ਦੀ ਥਾਂ ਦਰਜਾ ਆਧਾਰਿਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਆਲੇ ਦੁਆਲੇ ਤੋਂ ਸਿੱਖਿਆ ਲੈਣ ਬਾਰੇ ਸਿਖਾਉਣ।