ਰਾਹੁਲ ਗਰੀਬੀ ਹਟਾਓ ਯੋਜਨਾ ਪਹਿਲਾਂ ਕਾਂਗਰਸੀ ਰਾਜਾਂ ’ਚ ਲਾਗੂ ਕਰਵਾਉਣ: ਮਾਇਆਵਤੀ

ਬਸਪਾ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਕਿ ਸੱਤਾ ਵਿਚ ਆਉਣ ਉੱਤੇ ਗਰੀਬ ਲੋਕਾਂ ਦੀ ‘ਘੱਟੋ ਘੱਟ ਆਮਦਨ’ ਯਕੀਨੀ ਬਣਾਈ ਜਾਵੇਗੀ, ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਹ ‘ਗਰੀਬੀ ਹਟਾਓ’ ਅਤੇ ‘ਅੱਛੇ ਦਿਨ’ ਵਰਗਾ ਹੀ ਗਰੀਬਾਂ ਦੇ ਨਾਲ ਇੱਕ ਹੋਰ ਭੱਦਾ ਮਜ਼ਾਕ ਹੈ। ਬਸਪਾ ਆਗੂ ਮਾਇਆਵਤੀ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਹ ਗਰੀਬੀ ਹਟਾਉਣ ਅਤੇ ਹੋਰ ਲੋਕ ਭਲਾਈ ਯੋਜਨਾਵਾਂ ਕਾਂਗਰਸ ਦੀਆਂ ਸਰਕਾਰਾਂ ਵਾਲੇ ਰਾਜਾਂ, ਵਿਸ਼ੇਸ਼ ਤੌਰ ਉੱਤੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਵਿਚ ਲਾਗੂ ਕਰਨ ਤਾਂ ਜੋ ਲੋਕਾਂ ਨੂੰ ਯਕੀਨ ਹੋ ਸਕੇ ਕਿ ਇਹ ਯੋਜਨਾਵਾਂ ਕੌਮੀ ਪੱਧਰ ਉੱਤੇ ਵੀ ਸਹੀ ਢੰਗ ਦੇ ਨਾਲ ਲਾਗੂ ਹੋ ਸਕਣਗੀਆਂ।ਬਸਪਾ ਵੱਲੋਂ ਜਾਰੀ ਕੀਤੇ ਬਿਆਨ ਵਿਚ ਪਾਰਟੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਦਿੱਤੇ ਇਸ ਬਿਆਨ ਦੇ ਨਾਲ ਲੋਕਾਂ ਨੂੰ ਹੈਰਾਨੀ ਹੋਈ ਹੈ ਅਤੇ ਦੇਸ਼ਵਾਸੀਆਂ ’ਚ ਭਰਮ ਭੁਲੇਖੇ ਪੈਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੇ ‘ਗਰੀਬੀ ਹਟਾਓ’, ਮੋਦੀ ਦੇ ‘ਅੱਛੇ ਦਿਨਾਂ’ ਅਤੇ ਲੋਕਾਂ ਦੇ ਖਾਤਿਆਂ ਵਿਚ 15 ਤੋਂ 20 ਲੱਖ ਰੁਪਏ ਜਮ੍ਹਾਂ ਕਰਵਾਉਣ ਵਰਗਾ ਹੀ ਲੋਕਾਂ ਨਾਲ ਇਕ ਹੋਰ ਭੱਦਾ ਮਜ਼ਾਕ ਹੈ।