ਪੁਲੀਸ ਦੇ ਠੰਢੇ ਰਵੱਈਏ ਤੋਂ ਗਰਾਮ ਸੇਵਕ ਗਰਮ

ਮੰਢਾਲੀ ਦੇ ਗ੍ਰਾਮ ਰੁਜ਼ਗਾਰ ਸੇਵਕ ਦੀ ਕੁੱਟਮਾਰ ਮਾਮਲੇ ਵਿੱਚ ਬੋਹਾ ਪੁਲੀਸ ਦੀ ਕਾਰਗੁਜ਼ਾਰੀ ਤੋਂ ਖਫ਼ਾ ਮਗਨਰੇਗਾ ਕਰਮਚਾਰੀਆਂ ਨੇ ਅੱਜ ਇਕੇ ਧਰਨਾ ਦਿੱਤਾ। ਇਸ ਮੌਕੇ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਤੇਸ਼ ਗੁਪਤਾ ਅਤੇ ਜਸਪਾਲ ਸਿੰਘ ਜੱਸੀ ਨੇ ਕਿਹਾ ਕਿ ਬੋਹਾ ਪੁਲੀਸ ਨੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਗੁੰਡਾ ਅਨਸਰਾਂ ਵੱਲੋਂ ਕੁੱਟਮਾਰ ਕਰਨ, ਉਸ ਤੋਂ ਰਿਕਾਰਡ ਖੋਹਣ ਅਤੇ ਪਿੰਡ ਦੇ ਵਿਕਾਸ ਕੰਮਾਂ ਚ ਵਿਘਨ ਪਾਉਣ ਦੀਆਂ ਬਣਦੀਆਂ ਧਾਰਵਾਂ ਹੀ ਨਹੀ ਲਗਾਈਆਂ। ਇਸ ਤੋਂ ਸਪੱਸ਼ਟ ਹੈ ਕਿ ਪੁਲੀਸ ਨੇ ਦੋਸ਼ੀ ਗੁੰਡਾ ਅਨਸਰਾਂ ਨਾਲ ਕਥਿਤ ਮਿਲੀਭੁਗਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਮਲ ’ਚ ਨਾ ਲਿਆਂਦੀ ਤਾਂ 4 ਫਰਵਰੀ ਨੂੰ ਜ਼ਿਲ੍ਹਾ ਭਰ ਦੇ ਮਗਨਰੇਗਾ ਮੁਲਾਜ਼ਮ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਧਰਨੇ ਦੌਰਾਨ ਥਾਣਾ ਬੋਹਾ ਦੇ ਐਸਐਚਓ ਇੰਸਪੈਕਟਰ ਗਰਦੀਪ ਸਿੰਘ ਵੱਲੋਂ ਗੱਲਬਾਤ ਦਾ ਸੱਦਾ ਮਿਲਣ ’ਤੇ ਮਗਨਰੇਗਾ ਕਰਮਚਾਰੀ ਜਸਪਾਲ ਸਿੰਘ ਜੱਸੀ, ਜਗਦੀਪ ਸਿੰਘ ਧਾਲੀਵਾਲ, ਕਿਸ਼ੋਰ ਕੁਮਾਰ ਝੁਨੀਰ, ਗੁਰਵਿੰਦਰ ਸਿੰਘ ਭੀਖੀ, ਪੰਚਾਇਤ ਸਕੱਤਰ ਯੂਨੀਅਨ ਦੇ ਅਸ਼ੋਕ ਕੱਕੜ, ਪੰਚਾਇਤ ਯੂਨੀਅਨ ਦੇ ਸਰਪੰਚ ਪਰਮਜੀਤ ਸਿੰਘ, ਸਰਪੰਚ ਜੱਗਾ ਸਿੰਘ, ਸਰਪੰਚ ਅਜਾਇਬ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜੀਤ ਸਿੰਘ ਦਾ ਵਫਦ ਉਨ੍ਹਾਂ ਨੂੰ ਮਿਲਿਆ ਤਾਂ ਐਸਐਚਓ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹਮਲੇ ਦਾ ਸ਼ਿਕਾਰ ਕਰਮਚਾਰੀ ਦੇ ਦੁਬਾਰਾ ਬਿਆਨ ਲੈ ਕੇ ਦੋਸ਼ੀਆਂ ’ਤੇ ਲਾਈਆਂ ਕਾਨੂੰਨੀ ਧਰਾਵਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਧਰਨਾ ਅਗਲੀ ਕਾਰਵਾਈ ਤੱਕ ਮੁਲਤਵੀ ਕਰ ਦਿੱਤਾ ਗਿਆ।