ਕਾਂਗਰਸ ਵਿਧਾਇਕ ਤੋਂ ਖ਼ਫ਼ਾ ਕੁਮਾਰਸਵਾਮੀ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼

ਕਰਨਾਟਕ ਵਿੱਚ ਕਾਂਗਰਸ-ਜੇਡੀਐਸ ਸਬੰਧਾਂ ਵਿੱਚ ਜਾਰੀ ਤਣਾਅ ਦਰਮਿਆਨ ਮੁੱਖ ਮੰਤਰੀ ਐੱਚ.ਡੀ.ਕੁਮਾਰਾਸਵਾਮੀ ਨੇ ਇਕ ਕਾਂਗਰਸ ਵਿਧਾਇਕ ਵੱਲੋਂ ਕੀਤੀਆਂ ਟਿੱਪਣੀਆਂ ਮਗਰੋਂ ਅਹੁਦਾ ਛੱਡਣ ਦੀ ਧਮਕੀ ਦਿੱਤੀ ਹੈ। ਉਧਰ ਕਰਨਾਟਕ ਸਰਕਾਰ ’ਚ ਭਾਈਵਾਲ ਕਾਂਗਰਸ ਨੇ ਪਾਰਟੀ ਵਿਧਾਇਕ ਦੀ ਟਿੱਪਣੀ ਨਾਲ ਹੋਈ ਨੁਕਸਾਨ ਦੀ ਭਰਪਾਈ ਲਈ ਯਤਨ ਆਰੰਭ ਦਿੱਤੇ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਮਾਮਲਿਆਂ ਦੇ ਇੰਚਾਰਜ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੂੰ ਕੁਮਾਰਸਵਾਮੀ ਤੇ ਰਾਜ ਸਰਕਾਰ ’ਤੇ ਪੂਰਾ ਭਰੋਸਾ ਹੈ।
ਕਾਂਗਰਸੀ ਵਿਧਾਇਕ ਵੱਲੋਂ ਸਿੱਧਰਮੱਈਆ ਨੂੰ ਮੁੜ ਮੁੱਖ ਮੰਤਰੀ ਬਣਾਏ ਜਾਣ ਦੀ ਟਿੱਪਣੀ ਤੋਂ ਖ਼ਫ਼ਾ ਕੁਮਾਰਸਵਾਮੀ ਨੇ ਕਿਹਾ, ‘ਜੇਕਰ ਮੇਰੇ ਕੰਮ ਕਰਨ ਦਾ ਢੰਗ-ਤਰੀਕਾ ਪਸੰਦ ਨਹੀਂ ਹੈ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ। ਮੈਂ ਵੀ ਇਸ ਅਹੁਦੇ ’ਤੇ ਬਣਿਆ ਨਹੀਂ ਰਹਿਣਾ ਚਾਹੁੰਦਾ। ਮੈਂ ਕੁਰਸੀ ਨੂੰ ਚਿੰਬੜੇ ਰਹਿਣ ਲਈ ਤਿਆਰ ਨਹੀਂ ਹਾਂ।’ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਤੇ ਜੇਡੀਐਸ ਨੇ ਮਿਲ ਕੇ ਸਰਕਾਰ ਬਣਾਈ ਸੀ ਤਾਂ ਕਿ ਚੰਗਾ ਸ਼ਾਸਨ ਦੇ ਸਕੀਏ ਅਤੇ ‘ਅਸੀਂ ਚੰਗਾ ਕੰਮ ਕਰ ਰਹੇ ਹਾਂ।’ ਮੁੱਖ ਮੰਤਰੀ ਇਥੇ ਮੰਤਰੀ ਸਕੁਏਅਰ ਮੈਟਰੋ ਸਟੇਸ਼ਨ ’ਤੇ ਛੇ ਕੋਚਾਂ ਵਾਲੀ ਮੈਟਰੋ ਰੇਲ ਨੂੰ ਹਰੀ ਝੰਡੀ ਵਿਖਾਉਣ ਲਈ ਰੱਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਸਮਾਗਮ ਵਿੱਚ ਮੌਜੂਦ ਕਰਨਾਟਕ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਦੇ ਅਜਿਹੇ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਾਰੇ ਕਾਂਗਰਸੀ ਆਗੂਆਂ ਨੂੰ ਬੋਲਣ ਲੱਗਿਆਂ ਵਧੇਰੇ ਚੌਕਸ ਰਹਿਣ ਦੀ ਤਾਕੀਦ ਕੀਤੀ। ਰਾਓ ਨੇ ਮਗਰੋਂ ਟਵੀਟ ਕਰਕੇ ਕਿਹਾ ਕਿ ਸੋਮਾਸ਼ੇਖਰ ਨੇ ਮੁੱਖ ਮੰਤਰੀ ਤੋਂ ਮੁਆਫ਼ੀ ਮੰਗੀ ਹੈ। ਯਾਦ ਰਹੇ ਕਿ ਕਾਂਗਰਸ ਵਿਧਾਇਕ ਐਸ.ਟੀ.ਸੋਮਾਸ਼ੇਖ਼ਰ ਨੇ ਲੰਘੇ ਦਿਨ ਇਕ ਸਮਾਗਮ ਦੌਰਾਨ ਦਾਅਵਾ ਕੀਤਾ ਸੀ ਕਿ ਰਾਜ ਵਿੱਚ ਵਿਕਾਸ ਦੇ ਕੰਮ ਖੜ੍ਹ ਗਏ ਹਨ, ਲਿਹਾਜ਼ਾ ਸਿੱਧਰਮੱਈਆ ਨੂੰ ਮੁੜ ਮੁੱਖ ਮੰਤਰੀ ਬਣਾਇਆ ਜਾਵੇ।