ਹਰ ਗਰੀਬ ਦੀ ਬਾਂਹ ਫੜੇਗੀ ਕਾਂਗਰਸ: ਰਾਹੁਲ

‘ਕੇਂਦਰ ’ਚ ਸਰਕਾਰ ਬਣਨ ’ਤੇ ਦਿੱਤੀ ਜਾਵੇਗੀ ਘੱਟੋ-ਘੱਟ ਆਮਦਨ ਸਹੂਲਤ’

ਰਾਏਪੁਰ ’ਚ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਮਗਰੋਂ ਸੱਤਾ ’ਚ ਆਈ ਤਾਂ ਮੁਲਕ ’ਚ ਹਰੇਕ ਗ਼ਰੀਬ ਨੂੰ ਘੱਟੋ ਘੱਟ ਆਮਦਨ ਦੇਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੁਕਮਰਾਨ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ‘ਕਿਸਾਨ ਆਭਾਰ ਸੰਮੇਲਨ’ ਦੌਰਾਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਰਾਫ਼ਾਲ ਘੁਟਾਲੇ, ਅਨਿਲ ਅੰਬਾਨੀ, ਨੀਰਵ ਮੋਦੀ, ਵਿਜੈ ਮਾਲਿਆ, ਮੇਹੁਲ ਚੋਕਸੀ ’ਤੇ ਆਧਾਰਿਤ ਇਕ ਭਾਰਤ ਬਣਾਉਣਾ ਚਾਹੁੰਦੇ ਹਨ ਅਤੇ ਦੂਜਾ ਭਾਰਤ ਗ਼ਰੀਬ ਕਿਸਾਨਾਂ ਦਾ ਹੋਵੇਗਾ। ਕਾਂਗਰਸ ਨੂੰ 15 ਸਾਲਾਂ ਮਗਰੋਂ ਛੱਤੀਸਗੜ੍ਹ ’ਚ ਸੱਤਾ ’ਚ ਲਿਆਉਣ ਲਈ ਕਿਸਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੱਦੀ ’ਤੇ ਬੈਠਦਿਆਂ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ,‘‘ਕਾਂਗਰਸ ਇਤਿਹਾਸਕ ਫ਼ੈਸਲਾ ਲੈਣ ਜਾ ਰਹੀ ਹੈ। ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਘੱਟੋ ਘੱਟ ਆਮਦਨ ਦੀ ਗਾਰੰਟੀ ਦੇਣ ਜਾ ਰਹੀ ਹੈ। ਇਸ ਦਾ ਅਰਥ ਹੈ ਕਿ ਮੁਲਕ ’ਚ ਹਰੇਕ ਗ਼ਰੀਬ ਵਿਅਕਤੀ ਨੂੰ ਘੱਟੋ ਘੱਟ ਆਮਦਨ ਜ਼ਰੂਰ ਮਿਲੇਗੀ। ਇਸ ਨਾਲ ਮੁਲਕ ’ਚ ਕੋਈ ਵੀ ਭੁੱਖਾ ਅਤੇ ਗ਼ਰੀਬ ਵਿਅਕਤੀ ਨਹੀਂ ਰਹੇਗਾ।’’ ਸਮਾਗਮ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੀ ਵੰਡੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਦੀ ਸੱਤਾ ’ਚ ਆਈ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਕਾਂਗਰਸ ਨੂੰ ਛੱਤੀਸਗੜ੍ਹ ਦੀਆਂ 90 ਸੀਟਾਂ ’ਚੋਂ 68 ’ਤੇ ਜਿੱਤ ਹਾਸਲ ਹੋਈ ਸੀ। ਪਰੀਕਰ ਕੋਲ ਰਾਫ਼ਾਲ ਬਾਰੇ ਧਮਾਕਾਖੇਜ਼ ਭੇਤ ਹੋਣ ਦਾ ਦਾਅਵਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਰਾਫ਼ਾਲ ਮੁੱਦੇ ਸਬੰਧੀ ‘ਗੋਆ ਆਡੀਓ ਟੇਪ’ ਅਸਲੀ ਹਨ ਅਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਕੋਲ ‘ਧਮਾਕਾਖੇਜ਼ ਭੇਤ’ ਹਨ ਜਿਸ ਨਾਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਤਾਕਤਵਰ ਹੋ ਗਏ ਹਨ। ਸ੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਰਾਫ਼ਾਲ ਸਬੰਧੀ ਗੋਆ ਆਡੀਓ ਟੇਪ ਜਾਰੀ ਕੀਤੇ ਜਾਣ ਦੇ 30 ਦਿਨਾਂ ਮਗਰੋਂ ਵੀ ਨਾ ਕੋਈ ਐਫਆਈਆਰ ਦਰਜ ਹੋਈ, ਨਾ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਨਾ ਹੀ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦਾਅਵਾ ਕਰਦੀ ਆ ਰਹੀ ਹੈ ਕਿ ਆਡੀਓ ਟੇਪ ’ਚ ਗੋਆ ਦੇ ਮੰਤਰੀ ਵਿਸ਼ਵਜੀਤ ਰਾਣੇ ਕਿਸੇ ਨੂੰ ਆਖ ਰਹੇ ਹਨ ਕਿ ਪਰੀਕਰ ਕੋਲ ਰਾਫ਼ਾਲ ਨਾਲ ਸਬੰਧਤ ਫਾਈਲਾਂ ਹਨ ਜਿਸ ਕਾਰਨ ਉਹ ਅਜੇ ਵੀ ਕੁਰਸੀ ’ਤੇ ਕਾਇਮ ਹਨ। ਕਾਂਗਰਸ ਵੱਲੋਂ ਲੋਕ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਇਹ ਆਡੀਓ ਟੇਪ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਟੇਪ ਫਰਜ਼ੀ ਅਤੇ ਮਨਘੜਤ ਹੈ। ਕਾਂਗਰਸ ਆਗੂ ਦੀ ਪਤਨੀ ਖ਼ਿਲਾਫ਼ ਵਿਵਾਦਤ ਟਿੱਪਣੀ ਕੀਤੇ ਜਾਣ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਆਗੂ ਅਨੰਤ ਕੁਮਾਰ ਹੇਗੜੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕੇਂਦਰੀ ਮੰਤਰੀ ਬਣੇ ਰਹਿਣ ਦੇ ਅਯੋਗ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਹੇਗੜੇ ਨੇ ਐਤਵਾਰ ਨੂੰ ਜਨਤਕ ਸਮਾਗਮ ਦੌਰਾਨ ਕਿਹਾ ਸੀ ਕਿ ਜਿਹੜਾ ਕੋਈ ਵੀ ਹਿੰਦੂ ਕੁੜੀ ਦਾ ਹੱਥ ਛੂਹੇਗਾ, ਉਸ ਦਾ ਹੱਥ ਤੋੜ ਦਿੱਤਾ ਜਾਵੇਗਾ।