ਬਹਿਬਲ ਕਾਂਡ: ਸਾਬਕਾ ਐੱਸਐੱਸਪੀ ਤੋਂ ਲੰਬੀ ਪੁੱਛਗਿੱਛ

ਸਿੱਟ ਵੱਲੋਂ ਪੰਜ ਗਵਾਹਾਂ ਦੇ ਬਿਆਨ ਕਲਮਬੰਦ; ਸੈਣੀ ਦਾ ਰਿਮਾਂਡ ਹਾਸਲ ਕਰਨ ਲਈ ਅਦਾਲਤ ’ਚ ਅਰਜ਼ੀ

ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਏਡੀਜੀਪੀ ਪ੍ਰਬੋਧ ਕੁਮਾਰ ਤੇ ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਤੋਂ ਫ਼ਰੀਦਕੋਟ ਦੇ ਥਾਣਾ ਸਦਰ ਵਿੱਚ ਪੰਜ ਘੰਟੇ ਲੰਬੀ ਪੁੱਛਗਿੱਛ ਕੀਤੀ। ਐਤਵਾਰ ਰਾਤ ਨੂੰ ਐੱਸਆਈਟੀ ਨੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕਰਕੇ 4 ਫਰਵਰੀ ਤੱਕ (ਅੱਠ ਦਿਨ) ਦਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਜਾਂਚ ਟੀਮ ਨੇ ਚਰਨਜੀਤ ਸ਼ਰਮਾ ਨੂੰ ਸਵਾਲਾਂ ਦੀ ਝੜੀ ਲਾਈ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਨੇ ਅੱਜ ਆਪਣੇ ਕੈਂਪ ਦਫ਼ਤਰ ਵਿੱਚ ਬਹਿਬਲ ਕਾਂਡ ਨਾਲ ਜੁੜੇ ਪੰਜ ਗਵਾਹਾਂ ਦੇ ਵੀ ਬਿਆਨ ਕਲਮਬੰਦ ਕੀਤੇ, ਜਿਨ੍ਹਾਂ ਵਿੱਚ ਬੇਅੰਤ ਸਿੰਘ ਵਾਸੀ ਬਹਿਬਲ ਕਲਾਂ ਅਤੇ ਬਲਦੀਪ ਸਿੰਘ ਕੋਟਲਾ ਮੇਹਰ ਸਿੰਘ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਜਾਂਚ ਟੀਮ ਮੁਕੱਦਮੇ ਨਾਲ ਜੁੜੇ ਬਹੁਤੇ ਤੱਥਾਂ ਨੂੰ ਗੁਪਤ ਹੀ ਰੱਖ ਰਹੀ ਹੈ। ਜਾਂਚ ਟੀਮ ਵੱਲੋਂ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦਾ ਰਿਮਾਂਡ ਹਾਸਲ ਕਰਨ ਲਈ ਅਦਾਲਤ ‘ਚ ਦਿੱਤੀ ਗਈ ਅਰਜ਼ੀ ਵਿੱਚ ਕੋਈ ਵੀ ਤੱਥ ਨਹੀਂ ਲਿਖਿਆ। ਹਾਲਾਂਕਿ ਜ਼ੁਬਾਨੀ ਤੌਰ ‘ਤੇ ਜਾਂਚ ਟੀਮ ਨੇ ਦਾਅਵਾ ਕੀਤਾ ਕਿ ਗੋਲੀ ਚਲਾਉਣ ਵੇਲੇ ਵਰਤੇ ਗਏ ਹਥਿਆਰਾਂ ਅਤੇ ਮੌਕੇ ‘ਤੇ ਤਾਇਨਾਤ ਨਫ਼ਰੀ ਬਾਰੇ ਇਸ ਅਧਿਕਾਰੀ ਤੋਂ ਜਾਣਕਾਰੀ ਹਾਸਲ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਵਾਪਰੇ ਬਹਿਬਲ ਕਾਂਡ ਵਿਚ ਘਿਰੇ ਦੋ ਹੋਰ ਪੁਲੀਸ ਅਧਿਕਾਰੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਉਸ ਸਮੇਂ ਦੇ ਐੱਸਪੀ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਸਥਾਨਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਾਈ ਜਾਵੇ। ਸੈਸ਼ਨ ਜੱਜ ਹਰਪਾਲ ਸਿੰਘ ਨੇ ਹਾਲ ਦੀ ਘੜੀ ਪੁਲੀਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਉੱਪਰ ਰੋਕ ਨਹੀਂ ਲਾਈ ਅਤੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜ਼ਮਾਨਤ ਦੀ ਸੁਣਵਾਈ 30 ਜਨਵਰੀ ’ਤੇ ਪਾ ਦਿੱਤੀ ਹੈ।ਇਸੇ ਦੌਰਾਨ ਪਤਾ ਲੱਗਿਆ ਹੈ ਕਿ 29 ਜਨਵਰੀ ਨੂੰ ਐੱਸਪੀ ਬਿਕਰਮਜੀਤ ਸਿੰਘ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਆਪਣੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਹੈ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਜਾਂਚ ਟੀਮ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।