ਰਾਜ ਪੱਧਰੀ ਸਮਾਰੋਹ ਦੌਰਾਨ ਰਾਜਪਾਲ ਨੇ ਲਹਿਰਾਇਆ ਤਿਰੰਗਾ

ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਹੁਸ਼ਿਆਰਪੁਰ ਵਿੱਚ ਕਰਵਾਏ ਰਾਜ ਪੱਧਰੀ ਸਮਾਰੋਹ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਐਸਐਸਪੀ ਜੇ. ਏਲਨਚੇਲੀਅਨ ਵੀ ਮੌਜੂਦ ਸਨ।
ਰਾਜਪਾਲ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪੰਜਾਬ ਸੂਬੇ ਦਾ ਅਹਿਮ ਯੋਗਦਾਨ ਹੈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਉਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਫੌਜ ਦੇ ਉਨ੍ਹਾਂ ਜਵਾਨਾਂ ਤੇ ਅਧਿਕਾਰੀਆਂ ਨੂੰ ਵੀ ਨਮਨ ਕੀਤਾ, ਜੋ ਦੇਸ਼ ਦੀਆਂ ਸਰਹੱਦਾਂ ’ਤੇ ਮੁਸ਼ਕਲ ਹਾਲਾਤ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਹਨ। ਸ੍ਰੀ ਬਦਨੌਰ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ 570 ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਨ੍ਹਾਂ ਸੂਰਬੀਰਾਂ ਨੇ ਵੱਖ-ਵੱਖ ਲੜਾਈਆਂ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਸ੍ਰੀ ਬਦਨੌਰ ਵਲੋਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਿਲੱਖਣ ਪ੍ਰਾਪਤੀ ਵਾਲੀਆਂ 23 ਸ਼ਖਸੀਅਤਾਂ ਨੂੰ ਵੀ ਸਨਮਾਨਿਆ ਗਿਆ। ਉਨ੍ਹਾਂ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵਿਦਿਆਰਥਣਾਂ ਨੂੰ 50 ਸਾਈਕਲ ਵੀ ਵੰਡੇ। ਇਸ ਤੋਂ ਇਲਾਵਾ ਉਨ੍ਹਾਂ 20 ਸਿਲਾਈ ਮਸ਼ੀਨਾਂ, 6 ਟਰਾਈ ਸਾਈਕਲ ਅਤੇ 6 ਵੀਲ੍ਹ ਚੇਅਰਜ਼ ਵੀ ਲੋੜਵੰਦਾਂ ਨੂੰ ਸੌਂਪੇ। ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਵਲੋਂ ਝਾਕੀਆਂ ਵੀ ਕੱਢੀਆਂ ਗਈਆਂ। ਝਾਕੀਆਂ ਵਿੱਚ ਪਹਿਲੀ ਪੁਜ਼ੀਸ਼ਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੱਢੀ ਝਾਕੀ ਨੇ ਲਈ।