ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ ਦਾ ਦੇਹਾਂਤ

ਅਮਲੋਹ: ਪੰਜਾਬ ਦੇ ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ (82) ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦੀ ਬੇਟੀ ਗੁਰਦਰਸ਼ਨ ਕੌਰ, ਜਵਾਈ ਮਹਿੰਦਰ ਸਿੰਘ ਰੰਧਾਵਾ ਅਤੇ ਦੋਹਤੇ ਜਸਤੇਸ ਸਿੰਘ ਰੰਧਾਵਾ ਨੇ ਦੱਸਿਆ ਕਿ ਸ੍ਰੀ ਪਾਂਧੀ ਦਾ ਸ਼ਨਿਚਰਵਾਰ ਸ਼ਾਮ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਅਮਲੋਹ ਹਲਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਤਵੀਰ ਸਿੰਘ ਖੱਟੜਾ, ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਹਾਜ਼ਰ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਪਾਂਧੀ ਨੂੰ ਸਾਹ ਲੈਣ ਵਿਚ ਤਕਲੀਫ਼ ਮਗਰੋਂ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਕਰੀਬ 11 ਵਜੇ ਉਨ੍ਹਾਂ ਦੀ ਹਸਪਤਾਲ ਵਿਚ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਸ੍ਰੀ ਪਾਂਧੀ ਦਾ ਜਨਮ ਅਮਲੋਹ ਸਬ ਡਿਵੀਜ਼ਨ ਦੇ ਪਿੰਡ ਝੰਬਾਲਾ ਵਿਚ ਹੋਇਆ ਸੀ। ਉਹ 1969 ਵਿਚ ਪਹਿਲੀ ਵਾਰ ਅਮਲੋਹ ਹਲਕੇ ਤੋਂ ਵਿਧਾਇਕ ਬਣੇ ਤੇ ਮਗਰੋਂ 1977, 1980 ਅਤੇ 1985 ਵਿਚ ਅਮਲੋਹ ਹਲਕੇ ਤੋਂ ਮੁੜ ਵਿਧਾਇਕ ਚੁਣੇ ਗਏ। ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਉਹ ਪੰਜਾਬ ਦੇ ਸਮਾਜ ਭਲਾਈ ਰਾਜ ਮੰਤਰੀ ਵੀ ਰਹੇ ਜਦਕਿ ਪਿਛਲੀ ਅਕਾਲੀ ਸਰਕਾਰ ਸਮੇਂ ਉਹ ਛੇ ਸਾਲ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵੀ ਰਹੇ।