ਪੰਜਾਬ ’ਵਰਸਿਟੀ ਦੇ ਗੈਸਟ ਹਾਊਸ ਦੀ ਪਹਿਲੀ ਮੰਜ਼ਿਲ ਤੋਂ ਡਿੱਗ ਕੇ ਸਹਾਇਕ ਪ੍ਰੋਫੈਸਰ ਦੀ ਮੌਤ

ਪੰਜਾਬ ਯੂਨੀਵਰਸਿਟੀ ’ਚ ਬਣੇ ਹੋਏ ਗੈਸਟ ਹਾਊਸ ਦੀ ਪਹਿਲੀ ਮੰਜ਼ਿਲ ’ਤੇ ਬਰਾਮਦੇ ’ਚੋਂ ਅਚਾਨਕ ਹੇਠਾਂ ਡਿੱਗਣ ਕਾਰਨ ਇਕ ਸਹਾਇਕ ਪ੍ਰੋਫੈਸਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਹਾਇਕ ਪ੍ਰੋਫੈਸਰ ਰਘੂਬੀਰ ਦਿਆਲ ਬਾਂਸਲ ਵਾਸੀ ਬਠਿੰਡਾ ਵਜੋਂ ਹੋਈ ਹੈ। ਉਹ ਸ਼ਨਿਚਰਵਾਰ ਸ਼ਾਮ ਨੂੰ ਆਪਣੀ ਪਤਨੀ ਤੇ ਧੀ ਨਾਲ ਗੈਸਟ ਹਾਊਸ ਦੇ ਕਮਰਾ ਨੰਬਰ-7 ਵਿੱਚ ਠਹਿਰੇ ਸਨ। ਉਹ ਆਪਣੀ ਧੀ ਨੂੰ ਪੀਜੀ ਦਿਵਾਉਣ ਲਈ ਚੰਡੀਗੜ੍ਹ ਆਏ ਸਨ। ਉਨ੍ਹਾਂ ਦੀ ਧੀ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ, ਸੈਕਟਰ-16 ’ਚ ਡਾਕਟਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਸਹਾਇਕ ਪ੍ਰੋਫੈਸਰ ਬਾਂਸਲ ਦੂਜੀ ਮੰਜ਼ਿਲ ਤੋਂ ਉਤਰ ਕੇ ਪਹਿਲੀ ਮੰਜ਼ਿਲ ’ਤੇ ਕਮਰਾ ਨੰਬਰ-9 ਦੇ ਸਾਹਮਣੇ ਬਰਾਮਦੇ ’ਚੋਂ ਲੰਘ ਰਹੇ ਸਨ ਅਤੇ ਅਚਾਨਕ ਹੇਠਾਂ ਡਿੱਗ ਗਏ। ਹਾਦਸੇ ਸਮੇਂ ਉਨ੍ਹਾਂ ਦੀ ਪਤਨੀ ਰਸੋਈ ਵਿੱਚ ਸੀ। ਜ਼ਮੀਨ ’ਤੇ ਹੇਠਾਂ ਡਿੱਗਦੇ ਹੀ ਉਨ੍ਹਾਂ ਦੇ ਸਿਰ ’ਚ ਡੂੰਘੀ ਸੱਟ ਲੱਗੀ। ਅਟੈਂਡੈਂਟ ਰਮਨ ਸਿੰਘ ਨੇ ਦੱਸਿਆ ਕਿ ਸ੍ਰੀ ਬਾਂਸਲ ਦੇ ਹੇਠਾਂ ਡਿੱਗਦੇ ਹੀ ਜ਼ੋਰਦਾਰ ਆਵਾਜ਼ ਸੁਣੀ ਤਾਂ ਉਹ ਦੌੜ ਕੇ ਮੌਕੇ ’ਤੇ ਪਹੁੰਚਿਆ। ਉਸ ਨੇ ਦੇਖਿਆ ਕਿ ਬਾਂਸਲ ਮੂਧੇ ਮੂੰਹ ਫਰਸ਼ ’ਤੇ ਡਿੱਗੇ ਪਏ ਸਨ। ਉਸ ਨੇ ਤੁਰੰਤ ਸੈਨੇਟਰ ਕੇ.ਕੇ. ਸ਼ਰਮਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ’ਤੇ ਪਹੁੰਚੇ ਸ੍ਰੀ ਸ਼ਰਮਾ ਨੇ ਡਿਸਪੈਂਸਰੀ ਤੋਂ ਐਂਬੂਲੈਂਸ ਸੱਦੀ ਤੇ ਪੁਲੀਸ ਨੂੰ ਸੂਚਨਾ ਦਿੱਤੀ। ਸ੍ਰੀ ਬਾਂਸਲ ਨੂੰ ਪੀਜੀਆਈ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਡਿੱਗਦੇ ਹੀ ਪ੍ਰੋ. ਬਾਂਸਲ ਦੇ ਸਿਰ ਫਟ ਗਿਆ ਸੀ। ਪੁਲੀਸ ਨੇ ਸ੍ਰੀ ਬਾਂਸਲ ਦੀ ਪਤਨੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।