ਸੀਬੀਆਈ ਦੇ ਨਵੇਂ ਮੁਖੀ ਦੀ ਚੋਣ ਸਬੰਧੀ ਬੈਠਕ ਬੇਸਿੱਟਾ ਰਹੀ

ਸੀਬੀਆਈ ਦੇ ਨਵੇਂ ਮੁਖੀ ਦੇ ਨਾਮ ’ਤੇ ਵੀਰਵਾਰ ਨੂੰ ਵੀ ਕੋਈ ਫ਼ੈਸਲਾ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕਮੇਟੀ ਦੀ ਵੀਰਵਾਰ ਨੂੰ ਬੈਠਕ ਹੋਈ ਪਰ ਉਸ ’ਚ ਕੋਈ ਨਾਮ ਤੈਅ ਨਹੀਂ ਹੋ ਸਕਿਆ ਅਤੇ ਇਹ ਬੇਸਿੱਟਾ ਰਹੀ। ਬੈਠਕ ਦੌਰਾਨ ਯੋਗ ਅਧਿਕਾਰੀਆਂ ਦੀ ਸੂਚੀ ਦੇ ਨਾਲ ਉਨ੍ਹਾਂ ਦੇ ਦਸਤਾਵੇਜ਼ਾਂ ਨੂੰ ਕਮੇਟੀ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ ਪਰ ਬੈਠਕ ’ਚ ਕਿਸੇ ਨਾਮ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਦਾ ਮੁਖੀ ਚੁਣਨ ਲਈ ਛੇਤੀ ਹੀ ਕਮੇਟੀ ਵੱਲੋਂ ਅਗਲੀ ਬੈਠਕ ਕੀਤੀ ਜਾਵੇਗੀ। ਇਸ ਮਹੀਨੇ ਦੇ ਸ਼ੁਰੂ ’ਚ ਆਲੋਕ ਵਰਮਾ ਨੂੰ ਹਟਾਏ ਜਾਣ ਮਗਰੋਂ ਸੀਬੀਆਈ ਮੁਖੀ ਦਾ ਅਹੁਦਾ ਖਾਲੀ ਪਿਆ ਹੈ। ਅਧਿਕਾਰੀਆਂ ਮੁਤਾਬਕ ਬੈਠਕ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਕਾਂਗਰਸ ਦੇ ਲੋਕ ਸਭਾ ’ਚ ਆਗੂ ਮਲਿਕਾਰਜੁਨ ਖੜਗੇ ਹਾਜ਼ਰ ਸਨ। ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖੜਗੇ ਨੇ ਕਿਹਾ ਕਿ ਅਧਿਕਾਰੀਆਂ ਦੇ ਨਾਮ ਉਨ੍ਹਾਂ ਨਾਲ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਨਾਵਾਂ ’ਤੇ ਵਿਚਾਰ ਵਟਾਂਦਰਾ ਹੋਇਆ ਪਰ ਉਨ੍ਹਾਂ ਦੇ ਕਰੀਅਰ ਦੇ ਵੇਰਵਿਆਂ ਅਤੇ ਤਜਰਬਿਆਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਅਤੇ ਚੀਫ਼ ਜਸਟਿਸ ਨੇ ਸਾਰੇ ਲੋੜੀਂਦੇ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀ ਅਗਲੀ ਬੈਠਕ ਅਗਲੇ ਹਫ਼ਤੇ ਹੋ ਸਕਦੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ’ਚ ਗੁਜਰਾਤ ਕਾਡਰ ਦੇ ਆਈਪੀਐਸ ਅਧਿਕਾਰੀ ਰਾਕੇਸ਼ ਅਸਥਾਨਾ ਨਾਲ ਖਹਿਬੜਨ ਮਗਰੋਂ ਕਮੇਟੀ ਨੇ 10 ਜਨਵਰੀ ਨੂੰ ਆਲੋਕ ਵਰਮਾ ਨੂੰ ਹਟਾ ਦਿੱਤਾ ਸੀ। ਵਰਮਾ ਅਤੇ ਅਸਥਾਨਾ ਨੇ ਇਕ-ਦੂਜੇ ਉਪਰ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਸਰਕਾਰ ਨੇ ਦੋਹਾਂ ਦੇ ਹੋਰ ਵਿਭਾਗਾਂ ’ਚ ਤਬਾਦਲੇ ਕਰ ਦਿੱਤੇ ਸਨ ਅਤੇ ਐਮ ਨਾਗੇਸ਼ਵਰ ਰਾਓ ਨੂੰ ਸੀਬੀਆਈ ਦਾ ਅੰਤਰਿਮ ਮੁਖੀ ਨਿਯੁਕਤ ਕਰ ਦਿੱਤਾ ਸੀ।