ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹੱਬ ਖੇਤਰ ਵਿੱਚ ਤੇਲ ਟੈਂਕਰ ਤੇ ਮੁਸਾਫ਼ਰ ਬੱਸ ਦੀ ਹੋਈ ਆਹਮੋ ਸਾਹਮਣੀ ਟੱਕਰ ਵਿੱਚ 27 ਵਿਅਕਤੀ ਹਲਾਕ ਹੋ ਗਏ ਜਦੋਂ ਕਿ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਛੇ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਦਸਾ ਸੋਮਵਾਰ ਨੂੰ ਲਾਸਬੇਲਾ ਜ਼ਿਲ੍ਹੇ ਵਿੱਚ ਹੋਇਆ। ਕਰਾਚੀ ਤੋਂ ਪੰਜਗੁੜ ਜਾ ਰਹੀ ਬੱਸ ਵਿੱਚ 40 ਮੁਸਾਫ਼ਰ ਸਵਾਰ ਸਨ ਤੇ ਸਾਹਮਣਿਓਂ ਆ ਰਹੇ ਤੇਲ ਟੈਂਕਰ ਨੇ ਇਸ ਨੂੰ ਟੱਕਰ ਮਾਰ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੈਂਕਰ ਵਿੱਚ ਇਰਾਨ ਤੋਂ ਆਇਆ ਡੀਜ਼ਲ ਸੀ ਤੇ ਟੱਕਰ ਇੰਨੀ ਜ਼ੋਰਦਾਰ ਸੀ ਕਿ ਟੈਂਕਰ ਨੇ ਅੱਗ ਫੜ ਲਈ, ਜਿਸ ਨੇ ਬੱਸ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਅਧਿਕਾਰੀ ਮੁਤਾਬਕ ਕਈ ਮੁਸਾਫ਼ਰਾਂ ਨੇ ਬੱਸ ’ਚੋਂ ਛਾਲ ਮਾਰ ਕੇ ਆਪਣੇ ਜਾਨ ਬਚਾਈ ਜਦਕਿ ਵੱਡੀ ਗਿਣਤੀ ਬੱਸ ਵਿੱਚ ਫਸ ਗਏ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਮੌਕੇ ਤੋਂ 27 ਲਾਸ਼ਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਲਾਸਬੇਲਾ ਦੇ ਡਿਪਟੀ ਕਮਿਸ਼ਨਰ ਸ਼ਬੀਰ ਮੇਂਗਲ ਨੇ ਕਿਹਾ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੇ ਸਰੀਰ ਬੁਰੀ ਤਰ੍ਹਾਂ ਝੁਲਸੇ ਹੋਏ ਸਨ। ਉਨ੍ਹਾਂ ਕਿਹਾ ਕਿ 16 ਜ਼ਖ਼ਮੀਆਂ ’ਚੋਂ ਛੇ ਦੀ ਹਾਲਤ ਨਾਜ਼ੁਕ ਹੈ।
World ਬਲੋਚਿਸਤਾਨ ਸੜਕ ਹਾਦਸੇ ’ਚ 27 ਹਲਾਕ