ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਸਮਾਰੋਹਾਂ ਦੌਰਾਨ ‘ਖੁੱਲ੍ਹੇ ਦਰਸ਼ਨ ਦੀਦਾਰ’ ਨੂੰ ਯਕੀਨੀ ਬਣਾਉਣ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਕੀਤੀ ਹੈ। ਇਹ ਮਾਮਲਾ ਅੱਜ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਦੇ ਅਧਿਕਾਰੀਆਂ ਨੇ ਉਠਾਇਆ। ਮੀਟਿੰਗ ਵਿਚ ਸਬੰਧਤ ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀ, ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਪੰਜਾਬ ਨੇ ਮੰਗ ਕੀਤੀ ਕਿ ਲਾਂਘੇ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਇਸ ਸਾਲ ਆ ਰਹੇ ਗੁਰਪੁਰਬ ਮੌਕੇ ਸ਼ਰਧਾਲੂ ਬਿਨਾਂ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਕਰ ਸਕਣ।
ਪ੍ਰਾਪਤ ਜਾਣਕਾਰੀ ਅੁਨਸਾਰ ਮੀਟਿੰਗ ਵਿਚ ਦੱਸਿਆ ਗਿਆ ਕਿ ਦੇਸ਼ ਦੀ ਕੇਵਲ ਵੀਹ ਫੀਸਦੀ ਆਬਾਦੀ ਕੋਲ ਹੀ ਪਾਸਪੋਰਟ ਹਨ ਤੇ 80 ਫੀਸਦੀ ਆਬਾਦੀ ਜਿਸ ਕੋਲ ਪਾਸਪੋਰਟ ਨਹੀਂ ਹਨ, ਉਹ ਵੀ ਦਰਸ਼ਨ ਕਰਨਾ ਚਾਹੁੰਦੀ ਹੈ ਤੇ ਇਸ ਲਈ ਅਜਿਹਾ ਇੰਤਜ਼ਾਮ ਕੀਤਾ ਜਾਵੇ ਜਿਹੜੇ ਲੋਕਾਂ ਕੋਲ ਪਾਸਪੋਰਟ ਨਹੀਂ ਹਨ, ਉਹ ਵੀ ਦਰਸ਼ਨ ਕਰ ਸਕਣ। ਮੀਟਿੰਗ ਵਿਚ ਪਾਕਿਸਤਾਨ ਵਿਚਲੇ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾੜੀਆ, ਬੀਐਸਐਫ ਦੇ ਡੀਜੀ ਆਰ ਕੇ ਮਿਸ਼ਰਾ, ਰੋਡ ਅਤੇ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਵਿਚ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਬਾਇਓਮੀਟਰਿਕ ਰਿਕਾਰਡਿੰਗ, ਆਨਲਾਈਨ ਰਜਿਸਟਰੇਸ਼ਨ ਅਤੇ ਸ਼ਰਧਾਲੂਆਂ ਵਾਸਤੇ ਦਿਨ ਵੇਲੇ ਪੰਜ ਤੋਂ ਛੇ ਘੰਟੇ ਤਕ ਸਮਾਂ ਨਿਸ਼ਚਤ ਕਰਨ ਅਤੇ ਸ਼ਰਧਾਲੂਆਂ ਦੀ ਗਿਣਤੀ ਨਿਰਧਾਰਤ ਕਰਨ ਬਾਰੇ ਪਾਕਿਸਤਾਨ ਨਾਲ ਉਚ ਪੱਧਰੀ ਮੀਟਿੰਗ ਕਰਨ ਸਮੇਤ ਕੁਝ ਹੋਰ ਮਾਮਲਿਆਂ ਬਾਰੇ ਗੱਲਬਾਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਭਾਰਤ ਦੇ ਹਾਈ ਕਮਿਸ਼ਨਰ ਬਿਸਾੜੀਆ ਜੋ ਇਕ ਹਫਤਾ ਪਹਿਲਾਂ ਹੀ ਕਰਤਾਰਪੁਰ ਸਾਹਿਬ ਜਾ ਕੇ ਆਏ ਸਨ, ਨੇ ਪਾਕਿਸਤਾਨ ਸਰਕਾਰ ਵਲੋਂ ਲਾਂਘੇ ਲਈ ਕੀਤੀਆਂ ਜਾ ਤਿਆਰੀਆਂ ਦੀ ਜਾਣਕਾਰੀ ਤਸਵੀਰਾਂ ਸਮੇਤ ਦਿੱਤੀ। ਮੀਟਿੰਗ ਵਿਚ ਲਾਂਘੇ ਲਈ ਜ਼ਮੀਨ ਐਕੁਆਇਰ ਕਰਨ ਸਮੇਤ ਲਾਂਘੇ ਦੁਆਲੇ ਉਸਾਰੇ ਜਾਣ ਵਾਲੇ ਬੁਨਿਆਦੀ ਢਾਂਚੇ ਅਤੇ ਸੜਕ ਅਤੇ ਹੋਰ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ। ਪੰਜਾਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਲਾਂਘੇ ਲਈ ਮੁਢਲਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਤਿਆਰ ਹੈ ਤੇ ਇਸ ਦੀ ਜਾਣਕਾਰੀ ਕੇਂਦਰ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਮੋਦੀ ਸਰਕਾਰ ਨੂੰ ਆਖਿਆ ਹੈ ਕਿ ਇਸ ਇਤਿਹਾਸਕ ਲਾਂਘੇ ਨੂੰ ਅਮਲ ਵਿੱਚ ਲਿਆਉਣ ਲਈ ਬਿਨਾਂ ਕਿਸੇ ਹੋਰ ਦੇਰੀ ਤੋਂ ਕਦਮ ਚੁੱਕੇ ਜਾਣ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ’ਚ ਬੇਨਤੀ ਕੀਤੀ ਹੈ ਕਿ ਲਾਂਘੇ ਤੋਂ ਪਾਰ ਜਾਣ ਵਾਸਤੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਲਾਜ਼ਮੀ ਸ਼ਰਤ ਖਤਮ ਕੀਤੀ ਜਾਵੇ। ਕੈਪਟਨ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਸੁਝਾਅ ਦਿੱਤਾ ਹੈ ਕਿ ਸ਼ਨਾਖਤ ਲਈ ਪਾਸਪੋਰਟ ਦੀ ਬਜਾਏ ਆਧਾਰ ਕਾਰਡ ਵਰਗੇ ਯੋਗ ਸਰਕਾਰੀ ਦਸਤਾਵੇਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਵਰਤੋਂ ਕਰਨ ਵਾਲੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਸਰਹੱਦ ਪਾਰ ਲਈ ਢੁਕਵਾਂ ਬੁਨਿਆਦੀ ਢਾਂਚਾ ਕਾਇਮ ਕਰਨਾ ਚਾਹੀਦਾ ਹੈ।
INDIA ਕਰਤਾਰਪੁਰ ਲਈ ਪਾਸਪੋਰਟ ਦੀ ਸ਼ਰਤ ਖਤਮ ਹੋਵੇ: ਕੈਪਟਨ