ਅਟਾਰੀ ਆਈਸੀਪੀ ’ਤੇ ਟਰੱਕ ਸਕੈਨਰ ਲੱਗਣ ਦਾ ਕੰਮ ਠੰਢੇ ਬਸਤੇ ’ਚ ਪਿਆ

ਅਟਾਰੀ ਸਥਿਤ ਆਈਸੀਪੀ ਵਿਚ ਸਥਾਪਤ ਕੀਤੇ ਜਾਣ ਵਾਲੇ ਫੁੱਲ ਬਾਡੀ ਟਰੱਕ ਸਕੈਨਰ ਦੀ ਸਥਾਪਤੀ ਦੇ ਕੰਮ ਵਿਚ ਨਿਰੰਤਰ ਦੇਰੀ ਹੋ ਰਹੀ ਹੈ। ਇਸ ਕਾਰਨ ਵਪਾਰੀ ਵਰਗ ਪ੍ਰੇਸ਼ਾਨ ਹੈ। ਆਈਸੀਪੀ ਵਿਚ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ ਇਕ ਵੱਡਾ ਟਰੱਕ ਸਕੈਨਰ ਸਥਾਪਤ ਕਰਨ ਦੀ ਯੋਜਨਾ ਹੈ। ਇਸ ਯੋਜਨਾ ਤਹਿਤ 22 ਪਹੀਆ ਵੱਡਾ ਟਰੱਕ ਟਰਾਲਾ ਇਥੇ ਇਕੋ ਸਮੇਂ ਵਿਚ ਜਾਂਚਿਆ ਜਾ ਸਕੇਗਾ। ਟਰੱਕ ’ਤੇ ਲੱਦੇ ਮਾਲ ਨੂੰ ਇਕ-ਇਕ ਬੋਰੀ ਕਰਕੇ ਜਾਂਚਣ ਦੀ ਲੋੜ ਨਹੀਂ ਪਵੇਗੀ। ਕੇਂਦਰ ਦੇ ਸੂਬਾਈ ਗ੍ਰਹਿ ਮੰਤਰੀ ਕਿਰਨ ਰਿਜਿਜੂ ਵਲੋਂ ਇਹ ਟਰੱਕ ਸਕੈਨਰ ਸਥਾਪਿਤ ਕਰਨ ਦਾ 22 ਮਾਰਚ 2017 ਨੂੰ ਐਲਾਨ ਕੀਤਾ ਗਿਆ ਸੀ। ਇਸ ਟਰੱਕ ਸਕੈਨਰ ਰਾਹੀਂ ਮਾਲ ਵਿਚ ਲੁਕਾਏ ਨਸ਼ੀਲੇ ਪਦਾਰਥ, ਸੋਨਾ ਤੇ ਹੋਰ ਇਤਰਾਜ਼ਯੋਗ ਸਾਮਾਨ ਦਾ ਪਤਾ ਲਾਇਆ ਜਾ ਸਕੇਗਾ। ਸ਼ੁਰੂ ਵਿਚ ਟਰੱਕ ਸਕੈਨਰ ਦੀ ਸਥਾਪਤੀ ਦੀ ਮਿਆਦ ਮਾਰਚ 2018 ਮਿਥੀ ਗਈ ਸੀ, ਪਰ ਬਾਅਦ ਵਿਚ ਇਹ ਮਿਆਦ ਸਤੰਬਰ 2018 ਤਕ ਵਧਾ ਦਿੱਤੀ ਗਈ। ਇਸ ਸਮੇਂ ਦੌਰਾਨ ਵੀ ਕੰਮ ਪੂਰਾ ਨਾ ਹੋਣ ਕਾਰਨ ਇਸ ਦੀ ਮਿਆਦ 31 ਅਕਤੂਬਰ ਅਤੇ ਮੁੜ 31 ਦਸੰਬਰ 2018 ਤਕ ਵਧਾ ਦਿੱਤੀ ਗਈ ਸੀ। ਹੁਣ ਦਸੰਬਰ ਦਾ ਮਹੀਨਾ ਵੀ ਬੀਤ ਚੁੱਕਾ ਹੈ ਪਰ ਇਥੇ ਤਾਇਨਾਤ ਅਧਿਕਾਰੀਆਂ ਨੂੰ ਟਰੱਕ ਸਕੈਨਰ ਦੀ ਸਥਾਪਤੀ ਅਤੇ ਸ਼ੁਰੂਆਤ ਹੋਣ ਬਾਰੇ ਫ਼ਿਲਹਾਲ ਕੋਈ ਨਿਰਧਾਰਤ ਮਿਤੀ ਦੀ ਜਾਣਕਾਰੀ ਨਹੀਂ। ਆਈਸੀਪੀ ਦਾ ਪ੍ਰਬੰਧ ਕਰ ਰਹੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਮੈਨੇਜਰ ਸੁਖਦੇਵ ਸਿੰਘ ਨੇ ਦਾਅਵਾ ਕੀਤਾ ਕਿ ਟਰੱਕ ਸਕੈਨਰ ਦੀ ਸਥਾਪਤੀ ਲਈ ਲੋੜੀਂਦਾ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪਰ ਇਸ ਲਈ ਲੋੜੀਂਦੇ ਕੁਝ ਉਪਕਰਨ ਹੁਣ ਤਕ ਨਹੀਂ ਪੁੱਜੇ ਹਨ। ਇਸ ਦੀ ਸਥਾਪਤੀ ਦਾ ਕੰਮ ਪੁੰਜ ਲਾਇਡ ਇਨਫਰਾਸਟਰਚਰ ਨਾਂ ਦੀ ਕੰਪਨੀ ਨੂੰ ਸੌਂਪਿਆ ਹੋਇਆ ਹੈ। ਉਨ੍ਹਾਂ ਵਲੋਂ ਇਸ ਨੂੰ ਮੁਕੰਮਲ ਕਰਨ ਬਾਰੇ ਫ਼ਿਲਹਾਲ ਕੋਈ ਪੱਕੀ ਤਰੀਕ ਨਹੀਂ ਦਿੱਤੀ ਗਈ। ਟਰੱਕ ਸਕੈਨਰ ਦੀ ਸਥਾਪਤੀ ਲਈ ਲੰਮੇ ਸਮੇਂ ਤੋਂ ਆਵਾਜ਼ ਬੁਲੰਦ ਕਰ ਰਹੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਇਸ ਦੀ ਸਥਾਪਤੀ ਵਿਚ ਹੋ ਰਹੀ ਦੇਰ ਬਾਰੇ ਕੁਝ ਕਹਿਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਇਹ ਮਾਮਲਾ ਪਹਿਲਾਂ ਹੀ ਗ੍ਰਹਿ ਮੰਤਰਾਲੇ ਦੇ ਧਿਆਨ ਵਿਚ ਲਿਆ ਚੁੱਕੇ ਹਨ। ਉਨ੍ਹਾਂ ਇਸ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਆਖਿਆ ਕਿ ਹੋ ਰਹੀ ਦੇਰ ਵਾਸਤੇ ਜਾਂਚ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। ਇਥੇ ਦੱਸਣਯੋਗ ਹੈ ਕਿ 2010 ਵਿਚ ਆਈਸੀਪੀ ਦੀ ਸਥਾਪਤੀ ਵੇਲੇ ਇਥੇ ਟਰੱਕ ਸਕੈਨਰ ਦੀ ਸਥਾਪਤੀ ਦੀ ਮੰਗ ਕੀਤੀ ਗਈ ਸੀ, ਜੋ ਅਜੇ ਤਕ ਪੂਰੀ ਨਹੀਂ ਹੋਈ। ਇਸ ਦੇਰੀ ਕਾਰਨ ਵਪਾਰੀ ਵਰਗ ਵੀ ਪ੍ਰੇਸ਼ਾਨ ਹੈ। ਇਸ ਵੇਲੇ ਆਈਸੀਪੀ ਵਿਚ ਚੱਲ ਰਹੇ ਦੁਵੱਲੇ ਵਪਾਰ ਦੌਰਾਨ ਪਾਕਿਸਤਾਨ, ਅਫ਼ਗਾਨਿਸਤਾਨ ਆਦਿ ਤੋਂ ਆਉਣ ਵਾਲੇ ਟਰੱਕਾਂ ਦੀ ਜਾਂਚ ਹੁੰਦੀ ਹੈ। ਮੌਜੂਦਾ ਵਿਧੀ ਤਹਿਤ ਲੱਦੇ ਮਾਲ ਦੀ ਸੌ ਫ਼ੀਸਦੀ ਜਾਂਚ ਮੁਸ਼ਕਲ ਹੈ। ਹਾਲ ਹੀ ਵਿਚ ਦਸੰਬਰ ਮਹੀਨੇ ਵਿਚ ਅਫ਼ਗਾਨਿਸਤਾਨ ਤੋਂ ਆਏ ਸੇਬਾਂ ਦੀਆਂ ਪੇਟੀਆਂ ਵਿਚੋਂ 32 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਵਾਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ।