ਜ਼ੀਰਾ ਵਲੋਂ ਲਾਏ ਦੋਸ਼ਾਂ ਦੀ ਜਾਂਚ ਉੱਚ ਅਫ਼ਸਰਾਂ ਹਵਾਲੇ

ਕਾਂਗਰਸ ਵੱਲੋਂ ਜਾਰੀ ‘ਕਾਰਨ ਦੱਸੋ’ ਨੋਟਿਸ ਦਾ ਜਵਾਬ ਦੇਣ ਦਾ ਅੱਜ ਆਖਰੀ ਦਿਨ

ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪਾਰਟੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਜਾਰੀ ‘ਕਾਰਨ ਦੱਸੋ ਨੋਟਿਸ’ ਦਾ ਜਵਾਬ ਦੇਣ ਵਿੱਚ ਮਹਿਜ਼ ਇਕ ਦਿਨ ਬਚਿਆ ਹੈ ਜਦੋਂਕਿ ਦੂਜੇ ਪਾਸੇ ਪੰਜਾਬ ਪੁਲੀਸ ਨੇ ਇਸੇ ਵਿਧਾਇਕ ਅਤੇ ਹਮਾਇਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਾਂਚ ਐਸਟੀਐਫ ਮੁਖੀ ਮੁਹੰਮਦ ਮੁਸਤਫਾ ਅਤੇ ਅਮਨ ਕਾਨੂੰਨ ਦੇ ਏਡੀਜੀਪੀ ਈਸ਼ਵਰ ਚੰਦਰ ਨੂੰ ਸੌਂਪ ਦਿੱਤੀ ਹੈ। ਦੋਵਾਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਵਿੱਚ ਜਾਂਚ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਾਂਗਰਸ ਵਿਧਾਇਕ ਜ਼ੀਰਾ ਨਾਲ ਮੁਲਾਕਾਤ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਵਿਧਾਇਕ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਕੁਝ ਸ਼ਿਕਾਇਤਾਂ ਦਿੱਤੀਆਂ ਹਨ ਅਤੇ ਕੁਝ ਹੋਰ ਸ਼ਿਕਾਇਤਾਂ ਭਲਕੇ ਦੇਣੀਆਂ ਹਨ। ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੋ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ ਤੇ ਉਹ ਜਾਂਚ ਕਰਕੇ ਰਿਪੋਰਟ ਦੇਣਗੇ। ਨਸ਼ਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੁਝ ਸ਼ਿਕਾਇਤਾਂ ਸ਼ਰਾਬ ਕਾਰੋਬਾਰ ਬਾਰੇ ਸਨ ਪਰ ਨਸ਼ੀਲੇ ਪਦਾਰਥਾਂ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਲਈ ਸ਼ਰਾਬ ਬਾਰੇ ਸ਼ਿਕਾਇਤਾਂ ਦੀ ਜਾਂਚ ਐਸਟੀਐਫ ਮੁਖੀ ਕਰਨਗੇ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਡੀਜੀਪੀ ਨਾਲ ਮੁਲਾਕਾਤ ਦੌਰਾਨ ਫਿਰੋਜ਼ਪੁਰ ਰੇਂਜ ਦੇ ਪੁਲੀਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੋ ਦਿਨ ਪਹਿਲਾਂ ਸਰਪੰਚਾਂ ਅਤੇ ਪੰਚਾਂ ਨੂੰ ਸਹੁੰ ਚੁਕਾਉਣ ਲਈ ਫਿਰੋਜ਼ਪੁਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਇਸੇ ਰੇਂਜ ਦੇ ਆਈਜੀ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਸਮਾਗਮ ਦਾ ਬਾਈਕਾਟ ਕੀਤਾ ਸੀ। ਉਪਰੰਤ ਵਿਧਾਇਕ ਨੇ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਵਿੱਚ ਵੀ ਗੰਭੀਰ ਦੋਸ਼ ਲਾਏ ਅਤੇ ਧਮਕੀ ਦਿੱਤੀ ਕਿ ਉਹ ਇਨਸਾਫ ਲਈ ਆਈਜੀ ਦਫਤਰ ਅੱਗੇ ਧਰਨਾ ਦੇਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ। ਇਸ ਮਾਮਲੇ ਦੀ ਸੂਬੇ ਦੇ ਰਾਜਨੀਤਕ ਹਲਕਿਆਂ ਵਿੱਚ ਕਾਫੀ ਚਰਚਾ ਹੈ। ਕਾਂਗਰਸ ਵਿਧਾਇਕ ਵੱਲੋਂ ਜਨਤਕ ਤੌਰ ’ਤੇ ਦੋਸ਼ ਲਾਉਣ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਸੀ ਤੇ ਭਲਕੇ ਆਖਰੀ ਦਿਨ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਦੇ ਪਿਤਾ ਤੇ ਸੀਨੀਅਰ ਕਾਂਗਰਸ ਆਗੂ ਇੰਦਰਜੀਤ ਸਿੰਘ ਜ਼ੀਰਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮਿਲੇ ਸਨ, ਪਰ ਦੋਵਾਂ ਵਿਚਾਲੇ ਗੱਲਬਾਤ ਦੇ ਵੇਰਵੇ ਨਹੀਂ ਮਿਲੇ। ਵਿਧਾਇਕ ਜ਼ੀਰਾ ਨਾਲ ਤਿੰਨ ਚਾਰ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।