ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਚਾਲ਼ੀ ਮੁਕਤਿਆਂ ਦੇ ਨਾਂ

ਕੈਲਗਰੀ – (ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਦੀ ਨਵੇਂ ਸਾਲ ਦੀ ਪਲੇਠੀ ਮੀਟਿੰਗ ਸਤਪਾਲ ਕੌਰ ਬੱਲ, ਗੁਰਦੇਵ ਸਿੰਘ ਬੱਲ ਅਤੇ ਸਰਬਜੀਤ ਕੌਰ ਉੱਪਲ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਜਨਵਰੀ 12, 2019 ਨੂੰ ਸਹਿਤਕਾਰਾਂ ਅਤੇ ਸਾਹਿਤ ਪੇ੍ਰਮੀਆਂ ਦੇ ਇਕੱਠ ਵਿੱਚ ਹੋਈ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਆਏ ਹੋਏ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਹਿੰਦਿਆਂ ਨਵੇਂ ਸਾਲ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਮੁਬਾਰਕ ਦਿੱਤੀ। ਸੇਖੋਂ ਨੇ ਜਨਵਰੀ ਮਹੀਨੇ ਦੀ ਸਮਾਜਿਕ ਅਤੇ ਇਤਿਹਾਸਕ ਦੀ ਮਹਤੱਤਾ ਆਏ ਹੋਏ ਸਾਹਿਤ ਪ੍ਰੇਮੀਆਂ ਨਾਲ ਸਾਂਝੀ ਕੀਤੀ। ਨਾਲ ਹੀ ਅੱਜ ਦੇੁ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਕਿ ਅੱਜ ਦੀ ਮੀਟਿੰਗ ਗੁਰੁ ਗੋਬਿੰਦ ਸਿੰਘ ਦੇ ਗੁਰਪੁਰਬ ਅਤੇ ਮਾਘੀ ਦੇ ਤਿਉਹਾਰ ਨੂੰ ਸਮਰਪਿਤ ਹੋਵੇਗੀ।
ਪ੍ਰੋਗਰਾਮ ਦੀ ਸ਼ੁਰੂਆਤ ਸਤਪਾਲ ਕੌਰ ਬੱਲ ਨੇ ਨਵੇਂ ਸਾਲ ਦੀਆਂ ਵਧਾਈਆਂ ਅਤੇ ਸ਼ੁਭ ਇੱਛਾਵਾਂ ਨਾਲ਼ ਕੀਤੀ। ਉਨ੍ਹਾਂ ਆਖਿਆ ਕਿ ਨਿਰੰਤਰ ਆਪਣੀ ਚਾਲੇ ਤੁਰੇ ਜਾ ਰਹੇ ਸਮੇਂ ਨੂੰ ਇਕਾਈਆਂ ਵਿੱਚ ਵੰਡ ਕੇ ਅਸੀਂ ਆਪਸੀ ਸ਼ੁਭ ਇੱਛਾਵਾ ਦਾ ਅਦਾਨ ਪ੍ਰਦਾਨ ਕਰਦੇ ਹੋਏ ਅੱਗੇ ਵਧਦੇ ਹਾਂ। ਬੀਤੇ ਕੱਲ੍ਹ ਤੋਂ ਕੁਝ ਸਿੱਖ ਕੇ ਨਵੇਂ ਕੱਲ੍ਹ ਲਈ ਆਸਵੰਦ ਹੋ ਤੁਰ ਪੈਂਦੇ ਹਾਂ ਅਤੇ ਜੀਵਨ-ਧਾਰਾ ਨੂੰ ਵਹਿੰਦਾ ਰੱਖਦੇ ਹਾਂ। ਇਸ ਦੇ ਨਾਲ ਹੀ ਸ੍ਰੀ ਮਤੀ ਬੱਲ ਨੇ ਮਨੁੱਖ ਦੀ ਮਾਨਸਿਕਤਾ ਨੂੰ ਟੁੰਬਦਾ, ਜੀਵਨ ਦੀ ਸ਼ਾਮ (ਬੁਢਾਪੇ) ‘ਜ਼ਿੰਦਗੀ ਗੁਲਜ਼ਾਰ ਹੈ’ ਬਾਰੇ ਪ੍ਰਭਾਵਸ਼ਾਲੀ ਇੱਕ ਲੇਖ ਵੀ ਪੜ੍ਹਿਆ। ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ। ਕੈਲਗਰੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਇੱਕ ਗ਼ਜ਼ਲ ‘ਦੋਸਤਾਂ ਕਿਹੜਾ ਸਿਤਮ ਕਰਿਆ ਨਹੀਂ। ਫੇਰ ਵੀ ਉਹਨਾਂ ਬਿਨ੍ਹਾਂ ਸਰਿਆ ਨਹੀਂ। ਇੱਕ ਆਨੋਖੇ ਅੰਦਾਜ਼ ਵਿੱਚ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਸਤਨਾਮ ਸਿੰਘ ਢਾਅ ਨੇ ਇਤਿਹਾਸਕ ਦਿਹਾੜੇ ‘ਮਾਘੀ’ ਬਾਰੇ ਗੱਲ ਕਰਦਿਆਂ ਚਾਲ਼ੀ ਮੁਕਤਿਆਂ ਦੀ ਸ਼ਹੀਦੀ ਦੀ ਗਾਥਾ ਨੂੰ ਚਰਨ ਸਿੰਘ ਸਫ਼ਰੀ ਦੀ ਲਿਖੀ ਕਵਿਤਾ, ਚਰਨ ਸਿੰਘ ਸਫ਼ਰੀ ਦੇ ਅੰਦਾਜ਼ ਵਿੱਚ ਹੀ ਸੁਣਾਈ ਤਾਂ ਸਰੋਤਿਆਂ ਵੱਲੋਂ ਭਰਵੀ ਦਾਦ ਦਿੱਤੀ ਗਈ। ਇੰਜੀ: ਗੁਰਦਿਆਲ ਸਿੰਘ ਖ਼ਹਿਰਾ ਨੇ ਚੁੱਲਿ੍ਹਆਂ ਦੀ ਮਰਦਮ ਸ਼ੁਮਾਰੀ ਨਾਂ ਦੀ ਕਵਿਤਾ ਸੁਣਾਈ ਕਵਿਤਾ ਭਾਵੇਂ ਹਾਸਰਸ ਵਾਲ਼ੀ ਸੀ ਪਰ ਸੁਨੇਹਾ ਸੰਵੇਦਨਾਸ਼ੀਲ ਸੀ ਕਿ ਕਿਵੇਂ ਅੱਜ ਦੇ ਸਮੇਂ ਸਾਂਝੇ ਪਰਿਵਾਰ ਅਤੇ ਪੁਰਾਣੀਆਂ ਸਾਂਝਾਂ ਟੁੱਟ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਬੁਲੰਦ ਅਵਾਜ਼ ਵਿੱਚ ਅਮਰੀਕ ਸਿੰਘ ਚੀਮਾਂ ਨੇ ਉਜਾਗਰ ਸਿੰਘ ਕਮਲ ਦਾ ਗੀਤ ਸੁਣਾ ਕੇ ਕਵੀ ਦੀ ਰੂਹ ਦੇ ਦਰਸ਼ਣ ਕਰਾ ਦਿੱਤੇ।
ਕੈਲਗਰੀ ਦੇ ਦੋ ਕਵੀਸ਼ਰ ਬੱਚਿਆਂ (ਜੁਝਾਰ ਸਿੰਘ, ਗੁਰਜੀਤ ਸਿੰਘ) ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਬਾਰੇ ਜਸਵੰਤ ਸਿੰਘ ਸੇਖੋਂ ਦੀ ਲਿਖੀ ਕਵਿਤਾ, ਕਵੀਸ਼ਰੀ ਰੰਗ ਵਿੱਚ ਗਾਇਨ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਕੈਨੇਡਾ ਦੇ ਜੰਮਪਲ਼ ਬੱਚਿਆਂ ਦਾ ਪੰਜਾਬੀ ਸ਼ਬਦਾਂ ਦਾ ਏਨਾ ਵਧੀਆ ਉਚਾਰਨ ਸਰੋਤਿਆਂ ਨੂੰ ਹੈੂਰਾਨ ਕਰ ਗਿਆ। ਸੁਰਿੰਦਰ ਸਿੰਘ ਢਿੱਲੋਂ ਨੇ ਜਨਾਬ ਮਿਰਜਾ ਗ਼ਾਲਿਬ ਦੀ ਰਚਨਾ ਦਾ ਗਾਇਨ ਮਿਉੁਜ਼ਕ ਨਾਲ ਕਰਕੇ ਵਾਹ ਵਾਹ ਖੱਟੀ। ਜਸਬੀਰ ਸਿੰਘ ਸਿਹੋਤਾ ਨੇ ‘ਤੁਹਾਨੂੰ ਤੁਹਡੇ iਖ਼ਆਲ ਮੁਬਾਰਿਕ’ ਨਾਂ ਦੀ ਕਵਿਤਾਂ ਵੀਹ ਸੌ ਅਠਾਰਾਂ ਦੇ ਜਾਣ ਅਤੇ ਵੀਹ ਸੌ ਉੱਨੀ ਦੇ ਆਗਮਨ ਦੀਆਂ ਵਧਾਈਆਂ ਦੇ ਰੂਪ ਵਿੱਚ ਸਾਂਝੀ ਕੀਤੀ। ਗੁਰਦੀਸ਼ ਕੌਰ ਦੀਸ਼ ਨੇ ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਵਿਤਾ ਸੁਣਾ ਕੇ ਸਿੱਖੀ ਇਤਿਹਾਸ ਦੇ ਪੱਤਰਿਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਸਰਬਜੀਤ ਕੌਰ ਉੱਪਲ ਨੇ ਦਵਿੰਦਰ ਸੈਫ਼ੀ ਦੀ ‘ਆ ਬ੍ਰਿਖਾ’ ਨਾਂ ਦੀ ਰਚਨਾ ਸੁਣਾਈ ਜਿਸ ਨੂੰ ਸੁਣ ਕੇ ਸਰੋਤੇ ਭਾਵਿਕ ਹੋ ਗਏ।
ਕੈਲਗਰੀ ਦੇ ਸ਼ਿਵ ਕਮਾਰ ਸ਼ਰਮਾਂ ਨੇ ਅੱਜ ਦੇ ਦਿਨ ਲੋਹੜੀ, ਮਾਘੀ ਦੀ ਗੱਲ ਕਰਦਿਆਂ ਕਰਤਾਰ ਪੁਰ ਲਾਂਘੇ ਤੇ ਹੋ ਰਹੀ ਰਾਜਨੀਤੀ ਤੇ ਉਂਗਲ ਧਰਦੀ ਕਵਿਤਾ ਸੁਣਾਈ। ਨਵੇਂ ਸਾਲ ਦੀ ਵਧਾਈ ਦੇ ਨਾਲ ਇੱਕ ਵਿਅੰਗ-ਮਈ ਕਵਿਤਾ ‘ਕਿਆ ਹੈ ਬੁਢਾਪਾ’ ਸੁਣਾ ਕੇ ਮਾਹੌਲ ਨੂੰ ਹਾਸ ਰੰਗ ਵਿੱਚ ਬਦਲ ਦਿੱਤਾ। ਸਭਾ ਦੇ ਜਨਰਲ ਸੱਕਤਰ ਜਸਵੰਤ ਸਿੰਘ ਸੇਖੋਂ ਨੇ ਵੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਕੁਰਬਾਨੀ ਨੂੰ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਸਰੋਤਿਆ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਦਿਆਂ ਹਰੇਕ ਬੁਲਾਰੇ ਲਈ ਸ਼ਾਇਰਾਨਾਂ ਅਤੇ ਵਿਲੱਖਣ ਅੰਦਾਜ਼ ਵਿੱਚ ਕੁਝ ਸ਼ਬਦ ਬੋਲ ਕੇ ਸਟੇਜ ਤੇ ਸੱਦਣ ਦੇ ਢੰਗ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਸਲਾਹਿਆ ਗਿਆ।
ਅਮਰੀਕ ਸਿੰਘ ਚੀਮਾਂ ਨੇ ਸਮੇਂ ਦੀ ਕਾਲ ਵੰਡ ਬਾਰੇ ਵਿਸਥਾਰ ਸਹਿਤ ਚਰਚਾ ਵੇਦਾਂ ਦੇ ਹਵਾਲੇ ਨਾਲ ਕੀਤੀ ਅਤੇ ਬੈਂਤ (ਛੰਦ) ਸੁਣਾ ਕੇ ਨਵਾਂ ਸਾਹਿਤਕ ਰੰਗ ਬੰਨਿਆ। ਸੇਵਾ ਸਿੰਘ ਬਚਸ ਨੇ ਗੁਰੁ ਗੋਬਿੰਦ ਸਿੰਘ ਜੀ ਦੇ ਗੁਰ-ਪੁਰਬ ਦੀ ਵਧਾਈ ਦਿੰਦਿਆਂ, ਇੱਕ ਸ਼ਬਦ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਗਾਇਨ ਇੰਨੇ ਮਿੱਠੇ ਅੰਦਾਜ਼ ਵਿੱਚ ਕੀਤਾ ਕਿ ਸਰੋਤੇ ਮੰਤਰ-ਮੁਗਧ ਹੋ ਗਏ। ਕੈਲਗਰੀ ਦੇ ਹਰਮਨ ਪਿਆਰੇ ਅਤੇ ਸੁਰੀਲੀ ਅਵਾਜ਼ ਦੇ ਮਾਲਕ ਗਾਇਕ ਸੁਖਵਿੰਦਰ ਸਿੰਘ ਤੂਰ ਨੇ ਇੱਕ ਵਿਅੰਗ-ਮਈ ਅੰਦਾਜ਼ ਵਿੱਚ ਆਪਣੇ ਦੇਸ਼ ਭਾਰਤ ਦੀ ਮਹਾਨਤਾ ਨੂੰ ਕਵਿਤਾ ਰੂਪ ਵਿੱਚ ਪੇਸ਼ ਕੀਤਾ ਤਾਂ ਹਾਸੇ ਦੀਆਂ ਫ਼ੁਹਾਰਾਂ ਵਰ੍ਹ ਪਈਆਂ। ਇਨ੍ਹਾਂ ਬੁਲਾਰਿਆ ਤੋਂ ਇਲਾਵਾ ਤੇਜਾ ਸਿੰਘ ਥਿਆੜਾ, ਗੁਰਦੇਵ ਸਿੰਘ ਬੱਲ, ਦਿਲਾਵਰ ਸਿੰਘ ਸਮਰਾ, ਸੁਖਦੇਵ ਕੌਰ ਢਾਅ ਅਤੇ ਆਦਰਸ਼ਪਾਲ ਸਿੰਘ ਘਟੋੜਾ ਨੇ ਵੀ ਇਸ ਸਾਹਿਤਕ ਮਿਲਣੀ ਵਿੱਚ ਹਿੱਸਾ ਲਿਆ।
ਅਖ਼ੀਰ ਤੇ ਸਤਪਾਲ ਕੌਰ ਬੱਲ ਨੇ ਆਏ ਹੋਏ ਸਾਹਿਤਕਾਰਾਂ, ਸਾਹਿਤ ਪੇ੍ਰਮੀਆਂ ਦਾਂ ਧੰਨਵਾਦ ਕਰਦਿਆਂ ਨਵੇਂ ਸਾਲ ਵਿੱਚ ਨਵੀਆਂ ਸੋਚਾਂ ਲੈ ਆਪਣੀਆਂ ਕਲਮਾਂ ਚਲਾਉਦੇ ਰਹਿਣ ਦੀ ਅਪੀਲ ਕੀਤੀ ਅਤੇ ਅਗਲੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਫ਼ਰਵਰੀ ਮਹੀਨੇ ਦੀ ਇਕੱਤਤਰਤਾ 10 ਫ਼ਰਵਰੀ ਨੂੰ ਕੋਸੋ ਹਾਲ ਵਿੱਚ ਹੋਵੇਗੀ। ਹੋਰ ਜਾਣਕਾਰੀ ਲਈ 403-590-1403 ‘ਤੇ ਸਤਪਾਲ ਕੌਰ ਬੱਲ, 403-681-3132 ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ।