ਮੁੱਖ ਮੰਤਰੀ ਨੇ ਦੋ ਜ਼ਿਲ੍ਹਿਆਂ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਸਹੁੰ ਚੁਕਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਰ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਸਮੇਤ ਆਪਣੇ ਇਲਾਕੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪੱਖਾਂ ਲਈ ਪੰਚਾਇਤੀ ਨੁਮਾਇੰਦਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਹ ਅੱਜ ਇੱਥੇ ਓਮੈਕਸ ਸਿਟੀ ਵਿੱਚ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੀਆਂ ਨਵੀਆਂ ਚੁਣੀਆਂ ਗਈਆਂ 1462 ਪੰਚਾਇਤਾਂ ਦੇ ਮੈਂਬਰਾਂ, ਜ਼ਿਲ੍ਹਾ ਪਰਿਸ਼ਦਾਂ ਦੇ 35 ਮੈਂਬਰਾਂ ਅਤੇ ਬਲਾਕ ਸਮਿਤੀਆਂ ਦੇ 270 ਮੈਂਬਰਾਂ ਨੂੰ ਅਹੁਦੇ ਦੀ ਅਤੇ ਨਸ਼ਾ ਰੋਕੂ ਅਫ਼ਸਰ (ਡੈਪੋ) ਵਜੋਂ ਸਹੁੰ ਚੁਕਾਉਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਲੱਕ ਤੋੜਨ ਲਈ ਉਨ੍ਹਾਂ ਵੱਲੋਂ ਚੁੱਕੀ ਗਈ ਸਹੁੰ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਹੁਣ ਇਸ ਲਾਹਨਤ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਜ਼ਿੰਮੇਵਾਰੀ ਚੁਣੇ ਹੋਏ ਪੰਚਾਇਤੀ ਨੁਮਾਇੰਦਿਆਂ ਦੇ ਮੋਢਿਆਂ ’ਤੇ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣ ਪ੍ਰਣਾਲੀ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੈ। ਉਨ੍ਹਾਂ ਨਵੇਂ ਚੁਣੇ ਮੈਂਬਰਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਵਾਸਤੇ ਸੰਜੀਦਗੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿਧਾਇਕ ਹਰਦਿਆਲ ਕੰਬੋਜ ਦੇ ਭਾਸ਼ਣ ਨਾਲ ਹੋਈ।ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਵੇਂ ਚੁਣੇ ਗਏ ਪੰਚਾਇਤੀ ਨੁਮਾਇੰਦੇ ਸਿਆਸੀ ਵਲਗਣਾਂ ਤੋਂ ਅੱਗੇ ਵਧ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਤੇ ਸਰਬਪੱਖੀ ਵਿਕਾਸ ’ਚ ਯੋਗਦਾਨ ਪਾਉਣ। ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਔਰਤਾਂ ਨੂੰ 50 ਫ਼ੀਸਦੀ ਰਾਖਵੇਂਕਰਨ ਦਾ ਲਾਭ ਮਿਲਣ ਨੂੰ ਇਤਿਹਾਸਕ ਤੇ ਮਾਣਮੱਤਾ ਫੈਸਲਾ ਦੱਸਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਤੇ ਗੁਰਦਰਸ਼ਨ ਬਾਹੀਆ ਵੀ ਮੌਜੂਦ ਸਨ।
ਸਮਾਗਮ ’ਚ ਸਹੁੰ ਚੁੱਕਣ ਵਾਲਿਆਂ ਵਿੱਚ ਜ਼ਿਲ੍ਹਾ ਪਟਿਆਲਾ ਦੇ 1036 ਸਰਪੰਚ, 6299 ਪੰਚ, ਜ਼ਿਲ੍ਹਾ ਪਰਿਸ਼ਦ ਦੇ 25 ਮੈਂਬਰ ਅਤੇ ਪੰਚਾਇਤ ਸਮਿਤੀ ਦੇ 193 ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 426 ਸਰਪੰਚ, 2433 ਪੰਚ, ਜ਼ਿਲ੍ਹਾ ਪਰਿਸ਼ਦ ਦੇ 10 ਮੈਂਬਰ ਅਤੇ ਪੰਚਾਇਤ ਸਮਿਤੀ ਦੇ 77 ਮੈਂਬਰ ਸ਼ਾਮਲ ਸਨ।

ਓਮੈਕਸ ਸਿਟੀ ਦੇ ਲੋਕ ਸਰਕਾਰੀ ਸਮਾਗਮਾਂ ਤੋਂ ਪ੍ਰੇਸ਼ਾਨ
ਸਥਾਨਕ ਸਰਹਿੰਦ ਰੋਡ ’ਤੇ ਸਥਿਤ ਓਮੈਕਸ ਸਿਟੀ ਦੇ ਵਸਨੀਕ ਖੇਤਰ ਵਿੱਚ ਹੁੰਦੇ ਸਰਕਾਰੀ ਸਮਾਗਮਾਂ ਤੋਂ ਪ੍ਰੇਸ਼ਾਨ ਹਨ। ਪਹਿਲਾਂ ਦਸੰਬਰ ਵਿੱਚ ਕਿਸਾਨਾਂ ਦੇ ਮੁਆਫ਼ ਕੀਤੇ ਕਰਜ਼ਿਆਂ ਦੇ ਸਰਟੀਫਿਕੇਟ ਵੰਡਣ ਸਬੰਧੀ ਸਮਾਗਮ ਅਤੇ ਹੁਣ ਪੰਚਾਇਤਾਂ ਦਾ ਸਹੁੰ ਚੁੱਕ ਸਮਾਗਮ ਇੱਥੇ ਹੀ ਹੋਇਆ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਪੀਡੀਏ ਓਮੈਕਸ ਸਿਟੀ ਪਟਿਆਲਾ ਦੇ ਜਨਰਲ ਸਕੱਤਰ ਅਤੇ ਪ੍ਰੋਫੈਸਰ ਕੇਸਰ ਸਿੰਘ ਭੰਗੂ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੌਰਾਨ ਜਿੱਥੇ ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਥਾਂ ਥਾਂ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਕਾਰਨ ਵੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਅਜਿਹੇ ਪ੍ਰੋਗਰਾਮ ਇੱਥੇ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।