ਛਤਰਪਤੀ ਹੱਤਿਆ ਮਾਮਲਾ: ਡੇਰਾ ਸਿਰਸਾ ਮੁਖੀ ਦੋਸ਼ੀ ਕਰਾਰ

ਇਉਂ ਵਾਪਰਿਆ ਘਟਨਾਕ੍ਰਮ

* 24 ਅਕਤੂਬਰ 2002 ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਉੱਤੇ ਜਾਨਲੇਵਾ ਹਮਲਾ
* 25 ਅਕਤੂਬਰ 2002 ਨੂੰ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ
* 21 ਨਵੰਬਰ 2002 ਨੂੰ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਪੱਤਰਕਾਰ ਦੀ ਮੌਤ
* ਦਸੰਬਰ 2002 ਛਤਰਪਤੀ ਪਰਿਵਾਰ ਨੇ ਮੁੱਖ ਮੰਤਰੀ ਤੋਂ ਸੀਬੀਆਈ ਜਾਂਚ ਮੰਗੀ
* ਜਨਵਰੀ 2003 ਅੰਸ਼ੁਲ ਛਤਰਪਤੀ ਵੱਲੋਂ ਹਾਈ ਕੋਰਟ ’ਚ ਰਿਟ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ
* 10 ਨਵੰਬਰ 2003 ਹਾਈ ਕੋਰਟ ਵੱਲੋਂ ਸੀਬੀਆਈ ਨੂੰ ਐਫਆਈਆਰ ਦਰਜ ਕਰਕੇ ਜਾਂਚ ਦੇ ਆਦੇਸ਼
* ਦਸੰਬਰ 2003 ਵਿੱਚ ਸੀਬੀਆਈ ਵੱਲੋਂ ਜਾਂਚ ਸ਼ੁਰੂ
* ਦਸੰਬਰ 2003 ਡੇਰੇ ਵੱਲੋਂ ਸੀਬੀਆਈ ਜਾਂਚ ਰੋਕਣ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਰਿਟ ਦਾਇਰ
* ਨਵੰਬਰ 2004 ਸੁਪਰੀਮ ਕੋਰਟ ਵੱਲੋਂ ਡੇਰੇ ਦੀ ਰਿਟ ਖਾਰਜ
* ਸੀਬੀਆਈ ਨੇ ਰਣਜੀਤ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲਿਆਂ ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਹੋਰਨਾਂ ਨੂੰ ਮੁਲਜ਼ਮ ਬਣਾਇਆ
* 11 ਜਨਵਰੀ 2019 ਨੂੰ ਰਾਮ ਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਡੇਰਾ ਮੁਖੀ ਸਮੇਤ ਚਾਰ ਦੋਸ਼ੀ ਕਰਾਰ। -ਨਿੱਜੀ ਪੱਤਰ ਪ੍ਰੇਰਕ (ਸਿਰਸਾ)

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਤਿੰਨ ਡੇਰਾ ਪ੍ਰੇਮੀਆਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਵੱਲੋਂ ਮੁਜਰਮਾਂ ਨੂੰ ਸਜ਼ਾ 17 ਜਨਵਰੀ ਨੂੰ ਸੁਣਾਈ ਜਾਵੇਗੀ। 16 ਸਾਲ ਪੁਰਾਣੇ ਕਤਲ ਦੇ ਇਸ ਮਾਮਲੇ ਵਿੱਚ ਡੇਰਾ ਮੁਖੀ ਤੋਂ ਇਲਾਵਾ ਜਿਨ੍ਹਾਂ ਤਿੰਨ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਡੇਰਾ ਪ੍ਰੇਮੀ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਸ਼ਾਮਲ ਹਨ। ਚਾਰੇ ਮੁਜਰਮਾਂ ਨੂੰ ਆਈਪੀਸੀ ਦੀ ਧਾਰਾ 302 ਤੇ 120ਬੀ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਨਿਰਮਲ ਸਿੰਘ ਤੇ ਕ੍ਰਿਸ਼ਨ ਲਾਲ ਲਈ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਇਸ ਦੌਰਾਨ ਪੰਚਕੂਲਾ ਅਦਾਲਤੀ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਡੇਰਾ ਮੁਖੀ, ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਅਧੀਨ ਬੰਦ ਹੈ। ਪੱਤਰਕਾਰ ਛਤਰਪਤੀ ਨੂੰ ਸਾਲ 2002 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਛਤਰਪਤੀ ਨੇ ਆਪਣੇ ਅਖ਼ਬਾਰ ਵਿੱਚ ਡੇਰਾ ਮੁਖੀ ਵਲੋਂ ਡੇਰੇ ਵਿੱਚ ਸਾਧਵੀਆਂ ਦੇ ਕਥਿਤ ਸ਼ੋਸ਼ਣ ਸਬੰਧੀ ਇਕ ਚਿੱਠੀ ਪ੍ਰਕਾਸ਼ਿਤ ਕੀਤੀ ਸੀ। ਇਸ ਤੋਂ ਪਹਿਲਾਂ ਅੱਜ ਸਵੇਰੇ ਗੁਰਮੀਤ ਰਾਮ ਰਹੀਮ ਸਿੰਘ ਵੀਡੀਓ ਕਾਨਫਰੰਸ ਰਾਹੀਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਹੋਇਆ ਜਦਕਿ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਪ੍ਰਤੱਖ ਰੂਪ ਵਿੱਚ ਪੇਸ਼ ਹੋਏ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਫੌਰੀ ਮਗਰੋਂ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਅੰਬਾਲਾ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਵਿੱਚ ਸੀਬੀਆਈ ਵੱਲੋਂ 46 ਗਵਾਹੀਆਂ ਪੇਸ਼ ਕੀਤੀਆਂ ਗਈਆਂ ਜਦਕਿ ਦੋ ਦਰਜਨ ਤੋਂ ਵੱਧ ਗਵਾਹ ਬਚਾਅ ਪੱਖ ਦੇ ਸਨ। ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਹਾਈ ਕੋਰਟ ਜਾ ਸਕਦੇ ਹਨ। ਉਧਰ ਇਸ ਮਾਮਲੇ ਦੇ ਅਹਿਮ ਗਵਾਹ ਖੱਟਾ ਸਿੰਘ ਨੇ ਦੱਸਿਆ ਕਿ ਸਜ਼ਾ ਸੁਣਾਏ ਜਾਣ ਵੇਲੇ ਗੁਰਮੀਤ ਰਾਮ ਰਹੀਮ ਮਾਯੂਸ ਸੀ ਤੇ ਨੀਵੀਂ ਪਾਈ ਬੈਠਾ ਰਿਹਾ। ਕਾਬਿਲੇਗੌਰ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ 24 ਅਕਤੂਬਰ, 2002 ਨੂੰ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ, ਪਰ ਛਤਰਪਤੀ ਦੇ ਪੁੁੱਤਰ ਅੰਸ਼ੁਲ ਛਤਰਪਤੀ ਨੇ ਹਾਰ ਨਹੀਂ ਮੰਨੀ। ਪੱਤਰਕਾਰ ਰਾਮਚੰਦਰ ਛਤਰਪਤੀ ਨੇ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਸਬੰਧੀ ਆਪਣੇ ਅਖਬਾਰ ‘ਪੂਰਾ ਸੱਚ’ ਵਿੱਚ ਪਹਿਲਾਂ ਖ਼ਬਰ ਛਾਪੀ ਤੇ ਮਗਰੋਂ ਸਾਧਵੀਆਂ ਦੀ ਚਿੱਠੀ ਵੀ ਛਾਪੀ। ਇਸ ਮਗਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੱਤਰਕਾਰ ਨੂੰ ਧਮਕੀਆਂ ਦਿੱਤੀਆਂ ਅਤੇ ਡੇਰੇ ਵਿੱਚ ਆ ਮੁਆਫੀ ਮੰਗਣ ਲਈ ਕਿਹਾ। ਜਦੋਂ ਪੱਤਰਕਾਰ ਇਨ੍ਹਾਂ ਧਮਕੀਆਂ ਅੱਗੇ ਨਾ ਝੁਕਿਆ ਤਾਂ ਉਹਨੇ ਛਤਰਪਤੀ ਦੀ ਹੱਤਿਆ ਕਰਵਾ ਦਿੱਤੀ। ਅੱਜ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਮੌਕੇ ਪੁਲੀਸ ਨੇ ਅਦਾਲਤੀ ਕੰਪਲੈਕਸ ਸਮੇਤ ਪੰਚਕੂਲਾ ਸਹਿਰ ਵਿੱਚ ਸੁਰੱਖਿਆ ਦੇ ਅਗਾਊਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਮੀਡੀਆ ਨੂੰ ਜ਼ਿਲ੍ਹਾ ਅਦਾਲਤ ਤੋਂ 200 ਮੀਟਰ ਦੂਰ ਰੱਖਿਆ ਗਿਆ। ਕੋਰਟ ਕੰਪਲੈਕਸ ਤੋਂ ਦੂਰ ਤੱਕ ਲੱਗੇ ਨਾਕਿਆਂ ਉਤੇ ਮੀਡੀਆ ਕਰਮੀਆਂ ਦੇ ਪਛਾਣ ਪੱਤਰ ਦੇਖ ਕੇ ਅੱਗੇ ਜਾਣ ਦਿੱਤਾ ਗਿਆ। ਪੰਚਕੂਲਾ ਵਿੱਚ ਅੱਜ ਥਾਂ-ਥਾਂ ਨਾਕੇ ਲਗਾਏ ਹੋਏ ਸਨ ਅਤੇ 2000 ਪੁਲੀਸ ਕਰਮੀ ਵੱਖ ਵੱਖ ਥਾਈਂ ਤਾਇਨਾਤ ਸਨ। ਪੁਲੀਸ ਕਮਿਸ਼ਨਰ ਸੌਰਵ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਡੀ.ਸੀ.ਪੀ. ਕਮਲਦੀਪ ਗੋਇਲ ਨੇ ਧਾਰਾ 144 ਵੀ ਲਗਾਈ ਹੋਈ ਸੀ ਅਤੇ ਪੰਚਕੂਲਾ ਵਿੱਚ 9 ਬਟਾਲੀਅਨ ਐਡੀਸ਼ਨਲ ਫੋਰਸ ਤਾਇਨਾਤ ਕੀਤੀ ਹੋਈ ਸੀ। ਸੈਂਕੜਿਆਂ ਦੀ ਗਿਣਤੀ ਵਿੱਚ ਖੁਫੀਆ ਪੁਲੀਸ ਵੀ ਤਾਇਨਾਤ ਸੀ। ਇਸੇ ਤਰ੍ਹਾਂ ਸੈਕੜਿਆਂ ਦੀ ਗਿਣਤੀ ਵਿੱਚ ਮਹਿਲਾ ਪੁਲੀਸ ਵੀ ਤਾਇਨਾਤ ਸੀ। ਉਂਜ ਡੇਰਾ ਮੁਖੀ ਤੇ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਹਰਿਆਣੇ ਦੇ ਵੱਖ ਵੱਖ ਸਹਿਰਾਂ ਵਿੱਚੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਪੁਲੀਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਅਕੀਲ ਮੁਹੰਮਦ ਨੇ ਦੱਸਿਆ ਕਿ 17 ਜਨਵਰੀ ਨੂੰ ਸਜ਼ਾ ਸੁਣਾਏ ਜਾਣ ਮੌਕੇ ਵੀ ਇਸੇ ਤਰ੍ਹਾਂ ਪੁਲੀਸ ਚੌਕਸ ਰਹੇਗੀ।