ਕਸ਼ਮੀਰ ਮੁੱਦੇ ਬਾਰੇ ਹੁਰੀਅਤ ਨਾਲ ਗੱਲ ਕਰੇ ਕੇਂਦਰ: ਅਬਦੁੱਲਾ

ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਵਿੱਚ ਸਥਾਈ ਤੌਰ ’ਤੇ ਸ਼ਾਂਤੀ ਸਿਰਫ਼ ਗੱਲਬਾਤ ਨਾਲ ਕਾਇਮ ਕੀਤੀ ਜਾ ਸਕਦੀ ਹੈ ਅਤੇ ਕੇਂਦਰ ਨੂੰ ਇਸ ਸਬੰਧ ਵਿੱਚ ਹੁਰੀਅਤ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ। ਲੰਘੇ ਦਿਨੀਂ ਭਾਰਤੀ ਫ਼ੌਜ ਦੇ ਮੁਖੀ ਬਿਪਿਨ ਰਾਵਤ ਵੱਲੋਂ ਦਿੱਤੇ ਗਏ ਬਿਆਨ ਕਿ ਉਹ ਬਿਨਾਂ ਸ਼ਰਤ ਤਾਲਿਬਾਨ ਨਾਲ ਗੱਲ ਕਰਨਗੇ, ’ਤੇ ਵਰ੍ਹਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਫ਼ੌਜ ਦੀ ਇਹ ਸੋਚ ਹੋ ਸਕਦੀ ਹੈ ਤਾਂ ਕੇਂਦਰ ਨੂੰ ਵੀ ਕਸ਼ਮੀਰ ਮਸਲੇ ਦੇ ਹੱਲ ਲਈ ਹੁਰੀਅਤ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਇੱਥੇ ਸੈਂਟਰ ਫ਼ਾਰ ਪੀਸ ਐਂਡ ਪ੍ਰੋਗਰੈੱਸ ਵੱਲੋਂ ‘ਜੰਮੂ ਕਸ਼ਮੀਰ: ਅਗਲਾ ਰਾਹ’ ਵਿਸ਼ੇ ’ਤੇ ਕਰਵਾਈ ਗਈ ਚਰਚਾ ਵਿੱਚ ਬੋਲ ਰਹੇ ਸਨ। ਸ੍ਰੀ ਅਬਦੁੱਲਾ ਨੇ ਕਿਹਾ ਕਿ ਹੁਰੀਅਤ ਦੇ ਆਗੂਆਂ ਕੋਲ ਵੀ ਭਾਰਤੀ ਪਾਸਪੋਰਟ ਹਨ ਅਤੇ ਪਿਛਲੇ ਸਮੇਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਵੀ ਹੁਰੀਅਤ ਆਗੂਆਂ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਅਤੇ ਤਾਕਤ ਦੇ ਇਸਤੇਮਾਲ ਨਾਲ ਕਦੇ ਵੀ ਕਸ਼ਮੀਰ ਮੁੱਦਾ ਹੱਲ ਨਹੀਂ ਹੋ ਸਕਦਾ। ਕਸ਼ਮੀਰ ਵਿੱਚ ਸਥਾਈ ਸ਼ਾਂਤੀ ਸਿਰਫ਼ ਗੱਲਬਾਤ ਰਾਹੀਂ ਹੀ ਕਾਇਮ ਕੀਤੀ ਜਾ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਕਸ਼ਮੀਰ ਮੁੱਦੇ ’ਤੇ ਗੱਲਬਾਤ ਸ਼ੁਰੂ ਹੋਣ ਦੀ ਆਸ ਪ੍ਰਗਟਾਉਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਹਰੇਕ ਚੋਣਾਂ ਨੇ ਦੇਸ਼ ਨੂੰ ਇਕ ਕਰਨ ਦੀ ਬਜਾਏ ਵੰਡਿਆ ਹੈ।