ਪੰਚਾਇਤੀ ਚੋਣਾਂ ਦੀ ਰੰਜਿਸ਼: ਪਿੰਡ ਪੰਡੋਰੀ ਨਿੱਝਰਾਂ ’ਚ ਚੱਲੀਆਂ ਗੋਲੀਆਂ

ਬੀਤੀ ਰਾਤ ਕਰੀਬ 11 ਤੋਂ 11.30 ਵਜੇ ਥਾਣਾਂ ਆਦਮਪੁਰ ਅਧੀਨ ਪਿੰਡ ਪੰਡੋਰੀ ਨਿੱਝਰਾਂ ਵਿੱਚ ਗੋਲੀਆਂ ਚੱਲਣ ਨਾਲ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਗਿਆ ਹੈ। ਆਦਮਪੁਰ ਪੁਲੀਸ ਨੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਦਮਪੁਰ ਦੇ ਕਮਿਊੁਨਿਟੀ ਸਿਹਤ ਕੇਂਦਰ ਆਦਮਪੁਰ ਵਿੱਚ ਇਲਾਜ਼ ਅਧੀਨ ਅਮਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਪੰਡੌਰੀ ਨਿੱਝਰਾਂ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਪੰਚ ਅਨੂਪ ਸਿੰਘ ਨੂਪੀ ਪੁੱਤਰ ਅਪਰਮਪਾਲ ਸਿੰਘ ਉਨ੍ਹਾਂ ਦਾ ਗੁਆਂਢੀ ਹੈ ਤੇ ਉਸਨੇ ਪਿੰਡ ’ਚ ਪੰਚੀ ਦੀ ਚੋਣ ਲੜੀ ਸੀ। ਉਸਨੇ ਅਨੂਪ ਸਿੰਘ ਦੇ ਵਿਰੋਧੀ ਦੀ ਵੋਟਾਂ ’ਚ ਮਦਦ ਕੀਤੀ ਸੀ, ਅਨੂਪ ਸਿੰਘ ਚੋਣ ਹਾਰ ਗਿਆ ਸੀ। ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਸਰਬਸੰਮਤੀ ਹੋ ਗਈ ਸੀ ਪਰ ਅਨੂਪ ਸਿੰਘ ਨੂਪੀ ਨੇ ਸਰਬਸੰਮਤੀ ਦਾ ਵਿਰੋਧ ਕੀਤਾ ਸੀ ਤੇ ਆਪ ਖੁਦ ਤੇ ਆਪਣੇ ਸਾਥੀਆਂ ਨੂੰ ਚੋਣ ਲੜਾਈ ਸੀ।
ਉਹ ਆਪ ਵੀ ਤੇ ਇਸਦੇ ਸਾਥੀ ਵੀ ਚੋਣ ਹਾਰ ਗਏ ਸਨ। ਅਮਰਜੀਤ ਨੇ ਕਿਹਾ ਕਿ ਉਸ ਨੇ ਵੋਟਾਂ ਵਿੱਚ ਅਨੂਪ ਸਿੰਘ ਦਾ ਸਾਥ ਨਹੀਂ ਦਿੱਤਾ। ਇਸ ਰੰਜਿਸ਼ ਦੇ ਚੱਲਦਿਆਂ ਰਾਤ ਸ਼ਰਾਬ ਦੇ ਨਸ਼ੇ ਵਿੱਚ ਨੂਪੀ, ਉਸਦਾ ਜੀਜਾ ਸੁਖਵਿੰਦਰ ਸਿੰਘ ਵਾਸੀ ਹੂਸੈਨਪੁਰ ਟਾਂਡਾ ਹੁਸ਼ਿਆਰਪੁਰ, ਬਲਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੋਗਪੁਰ ਨਾਲ 2 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਘਰ ਤੋਂ ਬਾਹਰ ਆਉਣ ਲਈ ਕਿਹਾ। ਵਿਰੋਧ ਕਰਨ ਉਪਰੰਤ ਸਾਬਕਾ ਪੰਚ ਨੂਪੀ ਨੇ ਆਪਣੇ ਪਿਸਤੌਲ ਨਾਲ ਗੇਟ ਵਿੱਚ ਗੋਲੀ ਮਾਰੀ ’ਤੇ ਜਬਰੀ ਘਰ ਵਿੱਚ ਦਾਖਲ ਹੋ ਕੇ ਉਸ ਉੱਤੇ ਹਮਲਾ ਕਰ ਦਿੱਤਾ। ਉਸ ਵੱਲੋਂ ਚਲਾਈ ਗੋਲੀ ਉਸਦੀ ਬਾਂਹ ’ਤੇ ਲੱਗੀ ਤੇ ਉਸ ਨੇ ਘਰ ਦੀ ਕੰਧ ਟੱਪ ਕੇ ਆਪਣੀ ਜਾਨ ਬਚਾਈ।
ਹਮਲਾਵਰਾਂ ਨੇ ਉਸਦੇ ਪਰਿਵਾਰ ’ਤੇ ਵੀ ਹਮਲਾ ਕਰ ਦਿੱਤਾ ਤੇ ਘਰ ’ਚ ਸਾਮਾਨ ਦੀ ਭੰਨ ਤੋੜ ਕੀਤੀ। ਘਰ ਵਾਲਿਆਂ ਵੱਲੋਂ ਰੌਲਾ ਪਾਉਣ ’ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਮੌਕੇ ’ਤੇ ਪਹੁੰਚੇ ਡੀਐਸਪੀ ਆਦਮਪੁਰ ਸੁਰਿੰਦਰ ਕੁਮਾਰ ਤੇ ਥਾਣਾ ਮੁਖੀ ਇੰਸਪੈਕਟਰ ਸੁੱਖਾ ਸਿੰਘ ਦੱਸਿਆ ਕਿ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਅਨੂਪ ਸਿੰਘ ਨੂਪੀ, ਉਸਦੇ ਜੀਜਾ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹੂਸੈਨਪੁਰ ਟਾਂਡਾ ਹੁਸ਼ਿਆਰਪੁਰ, ਬਲਜਿੰਦਰ ਸਿੰਘ ਵਾਸੀ ਭੋਗਪੁਰ ਤੇ ਇਨ੍ਹਾਂ ਦੇ ਦੋ ਹੋਰ ਅਣਪਛਾਤੇ ਸਾਥੀਆਂ ਸਣੇ 5 ਵਿਅਕਤੀਆਂ ਖ਼ਿਲਾਫ਼ ਧਾਰਾ 307,452, 323,306,427,148,149 ਤੇ ਆਰਮ ਐਕਟ ਦੀ ਧਾਰਾ 25,27, 54, 59 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨੂਪ ਸਿੰਘ ਨੂਪੀ ’ਤੇ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।