ਪੰਚਾਇਤ ਚੋਣ ਵਿੱਚ ਜਿੱਤ ਲਈ ਕੀਤਾ ਸੀ ਜੀਜੇ ਦਾ ਕਤਲ

ਪੰਚਾਇਤੀ ਚੋਣਾਂ ਵਿਚ ਲੋਕਾਂ ਦੀ ਹਮਦਰਦੀ ਹਾਸਲ ਕਰ ਕੇ ਵਧੇਰੇ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਜੀਜੇ ਦਾ ਕਤਲ ਕਰਨ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਤਲ ਲਈ ਵਰਤੀ ਗਈ ਕਹੀ ਬਰਾਮਦ ਕਰ ਲਈ ਹੈ।
ਇਹ ਘਟਨਾ ਪੰਚਾਇਤੀ ਚੋਣਾਂ ਤੋਂ ਇਕ ਦਿਨ ਪਹਿਲਾਂ 29 ਦਸੰਬਰ ਨੂੰ ਤੜਕੇ ਸਵੇਰੇ 5-6 ਵਜੇ ਦੇ ਵਿਚਾਲੇ ਵਾਪਰੀ। ਜੰਡਿਆਲਾ ਬਲਾਕ ਦੇ ਪਿੰਡ ਖਲੈਹਰਾ ਵਿੱਚ ਤਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿਚ ਪੁਲੀਸ ਨੂੰ ਦੱਸਿਆ ਗਿਆ ਕਿ ਤਜਿੰਦਰ ਸਿੰਘ ਸਵੇਰੇ -ਸਵੇਰੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ ’ਤੇ ਪਿੰਡ ਦੇ ਲੋਕਾਂ ਨੂੰ ਵੋਟਾਂ ਵਾਸਤੇ ਕਹਿਣ ਲਈ ਜਾ ਰਿਹਾ ਸੀ ਕਿ ਚੋਣ ਲੜ ਰਹੀ ਦੂਜੀ ਧਿਰ ਦੇ ਲੋਕਾਂ ਨੇ ਉਸ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਕੋਲ ਦਾਤਰ ਅਤੇ ਲੱਕੜ ਦੇ ਦਸਤੇ ਸਨ, ਜਿਸ ਨਾਲ ਤਜਿੰਦਰ ਸਿੰਘ ਦੇ ਸਿਰ ’ਤੇ ਸੱਟ ਮਾਰੀ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਸਮੇਰ ਸਿੰਘ ਵਾਸੀ ਪਿੰਡ ਖਲੈਹਰਾ ਦੇ ਬਿਆਨਾਂ ’ਤੇ ਹਰਜਿੰਦਰ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ ਅਤੇ ਦੋ-ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ।
ਦਿਹਾਤੀ ਪੁਲੀਸ ਦੇ ਐਸਐਸਪੀ ਪਰਮਪਾਲ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਉਹ ਮੌਕੇ ’ਤੇ ਗਏ ਸਨ ਪਰ ਉਸ ਵੇਲੇ ਉਨ੍ਹਾਂ ਨੂੰ ਸਥਿਤੀ ਸ਼ੱਕੀ ਪ੍ਰਤੀਤ ਹੋਈ ਸੀ। ਉਨ੍ਹਾਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਜਾਂਚ ਟੀਮ ਨੂੰ ਛੇਤੀ ਹੀ ਕਾਤਲਾਂ ਦਾ ਪਤਾ ਲਗ ਗਿਆ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਵਿਚ ਜਸਮੇਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਚੋਣ ਲੜ ਰਹੀ ਸੀ ਅਤੇ ਚੋਣ ਪ੍ਰਚਾਰ ਲਈ ਮਦਦ ਵਾਸਤੇ ਉਸ ਦਾ ਸਕਾ ਜੀਜਾ ਤਜਿੰਦਰ ਸਿੰਘ ਪਿੰਡ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਦੂਜੀ ਧਿਰ ਨੂੰ ਹਰਾਉਣ ਅਤੇ ਹਮਦਰਦੀ ਵੋਟ ਹਾਸਲ ਕਰਨ ਦੇ ਮੰਤਵ ਨਾਲ ਬਣਾਈ ਇਕ ਯੋਜਨਾ ਤਹਿਤ ਜਸਮੇਰ ਸਿੰਘ ਨੇ ਆਪਣੇ ਹੀ ਜੀਜੇ ਤਜਿੰਦਰ ਸਿੰਘ ਦਾ ਕਤਲ ਕਰਵਾ ਦਿੱਤਾ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਜਸਮੇਰ ਸਿੰਘ, ਟੀਟੂ ਸਿੰਘ ਅਤੇ ਜਗੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੇ ਹੀ ਹਮਸਲਾਹ ਹੋ ਕੇ ਕਤਲ ਕੀਤਾ ਸੀ। ਪੁੱਛਗਿੱਛ ਦੌਰਾਨ ਕਤਲ ਪਿੱਛੇ ਪੁਰਾਣੀ ਖੁੰਦਕ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਸਮੇਰ ਸਿੰਘ ਦਾ ਛੋਟਾ ਭਰਾ ਪਲਵਿੰਦਰ ਸਿੰਘ ਸੋਨਾ ਖਾੜਕੂਆਂ ਨਾਲ ਸਬੰਧਤ ਰਿਹਾ ਹੈ, ਜਿਸ ਬਾਰੇ ਤਜਿੰਦਰ ਸਿੰਘ ਨੇ ਪੁਲੀਸ ਨੂੰ ਇਤਲਾਹ ਦੇ ਕੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ। ਐਸਐਸਪੀ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਦਸ ਸਾਲਾਂ ਤੋਂ ਪਿੰਡ ਦਾ ਸਰਪੰਚ ਹੈ ਅਤੇ ਮੁੜ ਸਰਪੰਚੀ ਆਪਣੇ ਘਰ ਵਿਚ ਹੀ ਰੱਖਣ ਦੇ ਮੰਤਵ ਨਾਲ ਉਸ ਨੇ ਸਕੇ ਜੀਜੇ ਦਾ ਕਤਲ ਕਰ ਦਿੱਤਾ।