ਆਈਟੀ ਪਾਰਕ ’ਚ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ ਮਲੀ

ਆਈਟੀ ਪਾਰਕ ਚੰਡੀਗੜ੍ਹ ਵਿੱਚ ਲੱਗੇ ਇਕ ਸੂਚਕ ਬੋਰਡ ’ਤੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ ਉਪਰ ਕਿਸੇ ਵਿਅਕਤੀ ਨੇ ਕਾਲਖ ਮਲ ਦਿੱਤੀ ਹੈ। ਦੱਸਣਯੋਗ ਹੈ ਕਿ ਅਜਿਹੀ ਘਟਨਾ ਕੁੱਝ ਦਿਨ ਪਹਿਲਾਂ ਵੀ ਪੀਯੂ ਕੰਪਲੈਕਸ ਵਿੱਚ ਵਾਪਰੀ ਸੀ। ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਪਰਦੀਪ ਛਾਬੜਾ ਦੀ ਅਗਵਾਈ ਵਿਚ ਸਬੰਧਤ ਬੋਰਡ ਕੋਲ ਇੱਕਠੇ ਹੋ ਕੇ ਰੋਸ ਪ੍ਰਗਟ ਕੀਤਾ ਅਤੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਮਹਿਸੂਸ ਕਰ ਰਹੇ ਹਨ ਕਿ ਅਜਿਹੀਆਂ ਘਟਨਾਵਾਂ ਲੋਕ ਸਭਾ ਚੋਣਾਂ ਵਿਚ ਪਵਨ ਕੁਮਾਰ ਬਾਂਸਲ ਲਈ ਸਿਰਦਰਦੀ ਬਣ ਸਕਦੀਆਂ ਹਨ। ਚੰਡੀਗੜ੍ਹ ਵਿਚ ਇਹ ਅਜਿਹੀ ਦੂਸਰੀ ਘਟਨਾ ਵਾਪਰੀ ਹੈ। ਪਿੱਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਵਿਚ ਇਕ ਬੋਰਡ ਉਪਰ ਰਾਜੀਵ ਗਾਂਧੀ ਦੇ ਨਾਮ ਉਪਰ ਵੀ ਕਾਲਖ ਮਲ ਦਿੱਤੀ ਗਈ ਸੀ ਅਤੇ ਉਸ ਵੇਲੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਦੇ ਕਾਰਕੁੰਨਾਂ ਨੇ ਰੋਸ ਪ੍ਰਗਟ ਕੀਤਾ ਸੀ। ਪੁਲੀਸ ਨੇ ਉਸ ਵੇਲੇ ਅਣਪਛਾਤੇ ਵਿਅਕਤੀ ਵਿਰੁੱਧ ਡੀਫੇਸਮੈਂਟ ਐਕਟ ਅਧੀਨ ਕੇਸ ਦਰਜ ਕੀਤਾ ਸੀ। ਅੱਜ ਤਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਨਹੀਂ ਹੋ ਸਕੀ ਹੈ ਅਤੇ ਹੁਣ ਇਕ ਅਜਿਹੀ ਘਟਨਾ ਹੋਰ ਵਾਪਰ ਗਈ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਜਦੋਂ ਤੋਂ ਸਿੋੱਖ ਕਤਲੇਆਮ ਦੇ ਮਾਮਲੇ ਵਿਚ ਅਦਾਲਤ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਸੇ ਦਿਨ ਤੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਭ ਤੋਂ ਪਹਿਲਾ ਲੁਧਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਦੋ ਆਗੂਆਂ ਨੇ ਰਾਜੀਵ ਗਾਂਧੀ ਦੇ ਬੁੱਤ ਉਪਰ ਕਾਲਖ ਪੋਚੀ ਸੀ। ਉਸ ਤੋਂ ਬਾਅਦ ਇਕ ਅਜਿਹੀ ਘਟਨਾ ਦਿੱਲੀ ਵਿਚ ਵੀ ਵਾਪਰੀ ਸੀ। ਚੰਡੀਗੜ੍ਹ ਵਿਚ ਅਜਿਹੀ ਦੂਸਰੀ ਘਟਨਾ ਵਾਪਰਨ ਕਾਰਨ ਸਥਾਨਕ ਪੁਲੀਸ ਲਈ ਨਵੀਂ ਸਿਰਦਰਦੀ ਪੈਦਾ ਹੋ ਗਈ ਹੈ। ਚੰਡੀਗੜ੍ਹ ਦੇ ਆਈਟੀ ਪਾਰਕ ਦਾ ਨਾਮ ਜਦੋਂ ਰਾਜੀਵ ਗਾਂਧੀ ਦੇ ਨਾਂ ’ਤੇ ਰੱਖਿਆ ਗਿਆ ਸੀ ਤਾਂ ਉਸ ਵੇਲੇ ਵੀ ਕੁਝ ਵਿਅਕਤੀਆਂ ਨੇ ਇਸ ਵਿਰੁੱਧ ਰੋਸ ਪ੍ਰਗਟ ਕੀਤਾ ਸੀ। ਮੌਜੂਦਾ ਕੇਸ ਵਿੱਚ ਪੁਲੀਸ ਨੇ ਆਈਟੀ ਥਾਣੇ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਡੀਫੇਸਮੈਂਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਮੌਕੇ ’ਤੇ ਕੀਤੀ ਪੜਤਾਲ ਅਨੁਸਾਰ ਬੋਰਡ ਉਪਰ ਕੁਝ ਦਿਨ ਪਹਿਲਾਂ ਕਾਲਖ ਪੋਚੀ ਜਾਪਦੀ ਹੈ।