ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਦੋ ਗੰਭੀਰ ਜ਼ਖ਼ਮੀ

ਅੰਮ੍ਰਿਤਸਰ : ਵੱਖ ਵੱਖ ਥਾਈਂ ਵਾਪਰੇ ਤਿੰਨ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਥੇ ਮਜੀਠਾ ਵੇਰਕਾ ਬਾਈਪਾਸ ’ਤੇ ਅੱਜ ਸਵੇਰੇ ਇਕ ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਲਸ਼ਨ ਸਹਿਗਲ ਵਜੋਂ ਹੋਈ ਹੈ, ਜੋ ਪੰਡੋਰੀ ਵੜੈਚ ਪਿੰਡ ਵਿੱਚਲੀ ਫੈਕਟਰੀ ਵਿਚ ਕੰਮ ਕਰਦਾ ਸੀ।
ਮ੍ਰਿਤਕ ਦੇ ਪੁੱਤਰ ਵਿਸ਼ਾਲ ਸਹਿਗਲ ਨੇ ਥਾਣਾ ਸਦਰ ਦੀ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਸ ਦੇ ਪਿਤਾ ਗੁਲਸ਼ਨ ਸਹਿਗਲ ਫੈਕਟਰੀ ਵਿਚ ਸੁਰੱਖਿਆ ਮੁਲਾਜ਼ਮ ਵਜੋਂ ਕੰਮ ਕਰਦੇ ਸਨ। ਰੋਜ਼ ਵਾਂਗ ਉਹ ਸਵੇਰੇ ਸੱਤ ਵਜੇ ਫੈਕਟਰੀ ਜਾਣ ਲਈ ਘਰੋਂ ਨਿਕਲੇ। ਬਾਬਾ ਸ੍ਰੀ ਚੰਦ ਚੌਂਕ ਨੇੜੇ ਪੁੱਜਣ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਕਾਰ ਚਾਲਕ ਹਾਦਸੇ ਮਗਰੋਂ ਫਰਾਰ ਹੋ ਗਿਆ। ਪੁਲੀਸ ਨੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੇ ਕਾਰ ਚਾਲਕ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਅਨੁਸਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਮੁਕੇਰੀਆਂ : ਇੱਥੋਂ ਦੇ ਮਾਤਾ ਰਾਣੀ ਚੌਂਕ ’ਚ ਟਰਾਲੇ ਤੇ ਟਿੱਪਰ ਵਿਚਾਲੇ ਅੱਜ ਹੋਈ ਟੱਕਰ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਪੁਲੀਸ ਨੇ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਵਾਸੀ ਰੋਹਤਕ ਟਰਾਲੇ (ਐਨ.ਐਲ.01 ਏਏ- 7795) ’ਤੇ ਗੁੜਗਾਓਂ ਤੋਂ ਜੰਮੂ ਕਾਰਾਂ ਲਿਜਾ ਰਿਹਾ ਸੀ। ਮਾਤਾ ਰਾਣੀ ਚੌਕ ’ਚ ਟਰਾਲੇ ਦਾ ਸੰਤੁਲਨ ਵਿਗੜ ਗਿਆ ਤੇ ਟਰਾਲਾ ਪਠਾਨਕੋਟ ਤੋਂ ਹੁਸ਼ਿਆਰਪੁਰ ਜਾ ਰਹੇ ਟਿੱਪਰ (ਪੀਬੀ 35-1495) ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਟਰਾਲਾ ਡਰਾਈਵਰ ਅਸ਼ੋਕ ਕੁਮਾਰ ਤੇ ਨਾਲ ਬੈਠਾ ਪ੍ਰਦੀਪ ਕੁਮਾਰ ਵਾਸੀ ਰੋਹਤਕ (ਹਰਿਆਣਾ) ਗੰਭੀਰ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰਾਲੇ ਦਰਮਿਆਨ ਬੁਰੀ ਤਰ੍ਹਾਂ ਫਸ ਗਏ। ਪੁਲੀਸ ਨੇ ਉਨਾਂ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਦੋਵੇਂ ਵਾਹਨ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।
ਬਟਾਲਾ : ਪਿੰਡ ਊਧੋਵਾਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਦਿਆਲਗੜ੍ਹ ਦੇ ਇੰਚਾਰਜ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ (20) ਵਾਸੀ ਪਿੰਡ ਕਾਦੀਆਂ ਰਾਜਪੂਤਾਂ ਮੋਟਰਸਾਈਕਲ ’ਤੇ ਨੌਸ਼ਹਿਰਾ ਮੱਝਾ ਸਿੰਘ ਤੋਂ ਬਟਾਲਾ ਵੱਲ ਆ ਰਿਹਾ ਸੀ ਕਿ ਪਿੰਡ ਊਧੋਵਾਲ ਨੇੜੇ ਪਹੁੰਚਣ ’ਤੇ ਉਸ ਦਾ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਜੋਬਨਪ੍ਰੀਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਐਸਆਈ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।
ਤਰਨ ਤਾਰਨ : ਸਰਹੱਦੀ ਕਸਬਾ ਖੇਮਕਰਨ ਦੇ ਬੀਐਸਐਫ ਹੈੱਡ ਕੁਆਰਟਰ ਨੇੜੇ ਕੱਲ ਸ਼ਾਮ ਤੇਜ਼ ਰਫਤਾਰ ਮਿਨੀ ਬੱਸ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਥਾਏਂ ਮੌਤ ਹੋ ਗਈ। ਮਿ੍ਤਕ ਦੀ ਪਛਾਣ ਸੁਨੀਲ ਕੁਮਾਰ (40) ਵਾਸੀ ਖੇਮਕਰਨ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸੁਨੀਲ ਕੁਮਾਰ ਆਪਣੇ ਮੋਟਰਸਾਈਕਲ ’ਤੇ ਕਸਬਾ ਅਮਰਕੋਟ ਤੋਂ ਘਰ ਪਰਤ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।