ਸਕੂਲ ਬੱਸ ਖੱਡ ਵਿਚ ਡਿੱਗੀ, ਛੇ ਬੱਚਿਆਂ ਸਮੇਤ ਸੱਤ ਹਲਾਕ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਇੱਕ ਸਕੂਲੀ ਬੱਸ ਖੱਡ ਵਿਚ ਡਿੱਗ ਜਾਣ ਕਾਰਨ ਛੇ ਬੱਚਿਆਂ ਅਤੇ ਡਰਾਈਵਰ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਇਹ ਹਾਦਸਾ ਸਵੇਰੇ 8 ਵਜੋ ਸੰਗਰਾਹ ਵਿਚ ਵਾਪਰਿਆ, ਜਿਸ ’ਚ 12 ਬੱਚੇ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਦਦਾਹੂ ਆਦਰਸ਼ ਵਿੱਦਿਆ ਨਿਕੇਤਨ ਸਕੂਲ ਦੀ ਬੱਸ 18 ਬੱਚਿਆਂ ਨੂੰ ਲਿਜਾ ਰਹੀ ਸੀ ਜੋ ਖੜਕੋਲੀ ਨੇੜੇ ਖੱਡ ਵਿਚ ਡਿੱਗ ਗਈ। ਸਿਰਮੌਰ ਦੇ ਐੱਸਪੀ ਰੋਹਿਤ ਮਲਪਾਨੀ ਨੇ ਦੱਸਿਆ,‘ਡੀਏਵੀ ਸਕੂਲ ਰੇਣੂਕਾ ਦੇ ਬੱਚਿਆਂ ਨੂੰ ਲਿਜਾ ਰਹੀ ਇੱਕ ਬੱਸ ਖੱਡ ਵਿਚ ਡਿੱਗ ਗਈ। ਇਸ ਘਟਨਾ ਕਾਰਨ ਸੱਤ ਜਣੇ ਜ਼ਖਮੀ ਹੋ ਗਏ ਜਦਕਿ ਛੇ ਬੱਚਿਆਂ ਅਤੇ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ।’
ਐੱਸਪੀ ਨੇ ਦੱਸਿਆ ਕਿ ਚਾਰ ਜਣਿਆਂ ਸਮੀਰ (5), ਆਦਰਸ਼ (7), ਕਾਰਤਿਕ (14) ਅਤੇ ਡਰਾਈਵਰ ਰਾਮ ਸਵਰੂਪ (40) ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਅਭਿਸ਼ੇਕ, ਉਸਦੀ ਭੈਣ ਸੰਜਨਾ ਅਤੇ ਨੈਤਿਕ ਚੌਹਾਨ ਨੇ ਨਾਹਨ ਮੈਡੀਕਲ ਕਾਲਜ ਪਹੁੰਚਣ ਤੋਂ ਪਹਿਲਾਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਜ਼ਖਮੀ ਹੋਏ 12 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਪੰਜ ਗੰਭੀਰ ਬੱਚਿਆਂ ਨੂੰ ਪੀਜੀਆਈ, ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਸੱਤ ਬੱਚਿਆਂ ਦਾ ਇਲਾਜ ਨਾਹਨ ਮੈਡੀਕਲ ਕਾਲਜ ਵਿਚ ਚੱਲ ਰਿਹਾ ਹੈ। ਦਸ ਜ਼ਖਮੀ ਵਿਦਿਆਰਥੀਆਂ ਦੀ ਪਛਾਣ ਸੰਧਿਆ, ਰਕਸ਼ਿਤਾ, ਅੰਜਲੀ, ਰਾਜੀਵ, ਆਯੁਸ਼, ਵੈਸ਼ਨਵੀ, ਧਰੁਵ, ਮੰਨਤ, ਆਰੁਸ਼ੀ ਅਤੇ ਸੁੰਦਰ ਸਿੰਘ ਵਜੋਂ ਹੋਈ ਹੈ।
ਡਿਪਟੀ ਕਮਿਸ਼ਨਰ ਸਿਰਮੌਰ ਲਲਿਤ ਜੈਨ ਨੇ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸਬ-ਡਿਵੀਜ਼ਨਲ ਮੈਜਿਸਟਰੇਟ, ਸੰਗਰਾਹ ਰਾਜੇਸ਼ ਧੀਮਾਨ ਨੂੰ ਘਟਨਾ ਦੀ ਜਾਂਚ ਕਰ ਕੇ 15 ਦਿਨਾਂ ਵਿਚ ਰਿਪੋਰਟ ਸੌਂਪਣ ਲਈ ਕਿਹਾ ਹੈ। ਉਨ੍ਹਾਂ ਮ੍ਰਿਤਕਾਂ ਦੇ ਵਾਰਿਸਾਂ ਨੂੰ 20 ਹਜ਼ਾਰ ਰੁਪਏ ਅਤੇ ਜ਼ਖਮੀਆਂ ਨੂੰ 10 ਹਜ਼ਾਰ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਡੀਸੀ ਨੇ ਪੀਜੀਆਈ, ਚੰਡੀਗੜ੍ਹ ਰੈਫਰ ਕੀਤੇ ਗਏ ਬੱਚਿਆਂ ਦੀ ਮਦਦ ਲਈ ਰੈੱਡ ਕਰਾਸ ਫੰਡ ਵਿਚੋਂ 50,000 ਰੁਪਏ ਦਾ ਫੰਡ ਵੀ ਜਾਰੀ ਕੀਤਾ ਹੈ।
ਰਾਜਪਾਲ ਆਚਾਰਿਆ ਦੇਵਵ੍ਰਤ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਤੇ ਹਿਮਾਚਲ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸੁੱਖੂ ਨੇ ਵੀ ਸਕੂਲੀ ਬੱਚਿਆਂ ਅਤੇ ਡਰਾਈਵਰ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ।