ਲਵਲੀ ਯੂਨੀਵਰਸਿਟੀ ਵਿੱਚ ਇੰਡੀਅਨ ਸਾਇੰਸ ਕਾਂਗਰਸ ਦਾ ਆਗਾਜ਼

ਪੰਜ ਦਿਨ ਚੱਲਣ ਵਾਲੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕਰਨ ਉਪਰੰਤ ਰਸਮੀ ਤੌਰ ’ਤੇ ਸ਼ੁਰੂ ਹੋ ਗਈ। ਲਵਲੀ ਯੂਨੀਵਰਸਿਟੀ ਨੂੰ ਬੜੇ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਇਸ ਵਿਚ ਲੱਗੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ। ਨਵੀਆਂ-ਨਵੀਆਂ ਖੋਜਾਂ ’ਤੇ ਅਧਾਰਤ ਤਿਆਰ ਕੀਤੀਆਂ ਜਾ ਰਹੀਆਂ ਵਸਤਾਂ ਨੂੰ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਣ ਤੋਂ ਬਾਅਦ ਹੋਏ ਸੈਸ਼ਨ ਦੌਰਾਨ ਦੋ ਨੋਬਲ ਪੁਰਸਕਾਰ ਜੇਤੂਆਂ ਨੇ ਵੀ ਆਪੋ ਆਪਣੇ ਖੇਤਰਾਂ ਵਿਚ ਕੀਤੀਆਂ ਗਈਆਂ ਖੋਜਾਂ ਨੂੰ ਸਾਂਝਾ ਕੀਤਾ। ਨੋਬੇਲ ਪੁਰਸਕਾਰ ਵਿਜੇਤਾ ਫੈਸਰ ਥਾਮਸ ਸੁਡਾਫ ਨੇ ਆਪਣੀ ਖੋਜ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਾਢਾਂ ਲਈ ਕੋਈ ਯੋਜਨਾ ਨਹੀਂ ਬਣਾਈ ਜਾ ਸਕਦੀ, ਜਾਂ ਇਹ ਕੋਈ ਇੰਜੀਨੀਅਰਿੰਗ ਦਾ ਕੰਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਸ ਵੀ ਰੋਗ ਬਾਰੇ ਖੋਜ ਕਰਨੀ ਹੁੰਦੀ ਹੈ, ਪਹਿਲਾਂ ਉਸ ਨੂੰ ਪੂਰੀ ਤਰ੍ਹਾਂ ਸਮਝਣਾ ਪੈਂਦਾ ਹੈ ਤੇ ਫਿਰ ਉਸ ਦੇ ਇਲਾਜ ਲਈ ਵਿਗਿਆਨਕ ਢੰਗ ਨਾਲ ਹੱਲ ਲੱਭਿਆ ਜਾਂਦਾ ਹੈ। ਰਸਾਇਣ ਵਿਗਿਆਨ ਦੇ ਖੇਤਰ ਵਿਚ ਦੁਨੀਆਂ ਦਾ ਮਾਣਮੱਤਾ ਨੋਬੇਲ ਪੁਰਸਕਾਰ ਜਿੱੱਤਣ ਵਾਲੇ ਪ੍ਰੋਫੈਸਰ ਅਵਰਾਮ ਹਰਸ਼ਕੋ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ’ਤੇ ਖੋਜ ਕੀਤੀ ਹੈ। ਉਨ੍ਹਾਂ ਨੇ ਆਪਣੀ ਖੋਜ ਬਾਰੇ ਦੱਸਿਆ ਕਿ ਵਿਗਿਆਨ ਵਿਚ ਆਪਣੇ ਜੀਵਨ ਤੋਂ ਇਕ ਸਬਕ ਸਿੱਖਿਆ ਕਿ ਇੱਕ ਅੱਛਾ ਗੁਰੂ ਹੋਣਾ ਬਹੁਤ ਮਹੱਤਵਪੂਰਨ ਹੈ। ਅੰਤ ਵਿਚ ਉਨ੍ਹਾਂ ਕਿਹਾ ਕਿ ਕੀਤੇ ਜਾ ਰਹੇ ਕੰਮ ਨੂੰ ਕਦੇ ਵੀ ਵਿਚ ਵਿਚਾਲੇ ਨਾ ਛੱਡੋ, ਜਿਸ ਖੋਜ ’ਤੇ ਤੁਸੀਂ ਲਗਾਤਾਰ ਕੰਮ ਕਰਦੇ ਹੋ ਅੰਤ ਵਿਚ ਸਫਲਤਾ ਪ੍ਰਾਪਤ ਹੋਣ ’ਤੇ ਤੁਹਾਨੂੰ ਉਤਸ਼ਾਹ ਅਤੇ ਖੁਸ਼ੀ ਬੇਅਥਾਹ ਮਿਲਦੀ ਹੈ।ਸਾਇੰਸ ਕਾਂਗਰਸ ਵਿਚ ਹਿੱਸਾ ਲੈ ਰਹੇ ਵਿਗਿਆਨੀ ਡਾ. ਜੀ ਸਤੀਸ਼ ਰੈੱਡੀ ਨੇ ਮਿਜ਼ਾਈਲਾਂ ਬਣਾਉਣ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਸ੍ਰੀ ਰੈਡੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਪਨੇ ਦੇਖਣ ਦੀ ਹਿੰਮਤ ਡਾ. ਏਪੀਜੇ ਅਬਦੁਲ ਕਲਾਮ ਦੀ ਪ੍ਰੇਰਣਾ ਨਾਲ ਮਿਲੀ। ਉਨ੍ਹਾਂ ਦੱਸਿਆ ਕਿ ਡਾ. ਕਲਾਮ ਨੇ ਹਮੇਸ਼ਾਂ ਹੀ ਖੋਜਾਂ ਨੂੰ ਉਤਸ਼ਾਹਤ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ 52 ਪ੍ਰਯੋਗਸ਼ਾਲਾਵਾਂ ਵਿਚ 7500 ਦੇ ਕਰੀਬ ਵਿਗਿਆਨੀ ਖੋਜਾਂ ਕਰ ਰਹੇ ਹਨ। ਡਾ. ਸਮੀਰ ਵੀ ਕਾਮਤ ਨੇ ਕਿਹਾ ਕਿ ਆਧੁਨਿਕ ਹਥਿਆਰਾਂ ਨੂੰ ਘੱਟ ਖਰਚੀਲਾ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਬਾਰੇ ਖੋਜ ਕਰਨੀ ਚਾਹੀਦੀ ਹੈ। ਸਾਇੰਸ ਕਾਂਗਰਸ ਵਿਚ 30 ਹਜ਼ਾਰ ਦੇ ਕਰੀਬ ਵਿਗਿਆਨੀ ਤੇ ਖੋਜਾਰਥੀ ਤੇ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਲਵਲੀ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਦੱਸਿਆ ਕਿ ਇੰਡੀਅਨ ਸਾਇੰਸ ਕਾਂਗਰਸ ਕਰਵਾਉਣ ਦਾ ਜਿਹੜਾ ਮਾਣ ਯੂਨੀਵਰਸਿਟੀ ਨੂੰ ਹਾਸਲ ਹੋਇਆ ਹੈ, ਉਹ ਅਸਲ ਵਿਚ ਇਥੇ ਖੋਜਾਂ ਕਰਦੇ ਵਿਦਿਆਰਥੀਆਂ ਦੀ ਮਿਹਨਤ ਦਾ ਸਿੱਟਾ ਹੈ।