ਧੱਕੇਸ਼ਾਹੀ ਦੇ ਸ਼ਿਕਾਰ ਪੀੜਤ ਉਮੀਦਵਾਰ ਪੁੱਜੇ ਡੀਸੀ ਦੇ ਦੁਆਰ

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬੀਤੇ ਦਿਨ 269 ਗਰਾਮ ਪੰਚਾਇਤ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਵੇਲੇ ਕਈ ਥਾਵਾਂ ’ਤੇ ਕਥਿਤ ਸਰਕਾਰੀ ਧੱਕੇਸ਼ਾਹੀਆਂ ਕਾਰਨ ਪੀੜਤ ਉਮੀਦਵਾਰ ਅਤੇ ਸਮਰਥਕ ਸੜਕਾਂ ’ਤੇ ਉੱਤਰ ਆਏ। ਇਹ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ ਜਿਸ ਕਾਰਨ ਮੁਹਾਲੀ ਨੇੜਲੇ ਪਿੰਡ ਕੈਲੋਂ, ਬਹਿਲੋਲਪੁਰ, ਸ਼ਾਮਪੁਰ, ਘਟੌਰ, ਸ਼ਾਹਪੁਰ ਅਤੇ ਘੜੂੰਆਂ ਵਿੱਚ ਸਥਿਤੀ ਤਣਾਅਪੂਰਨ ਬਣ ਗਈ। ਇਨ੍ਹਾਂ ਥਾਵਾਂ ’ਤੇ ਚੋਣ ਲੜ ਰਹੇ ਪੀੜਤ ਉਮੀਦਵਾਰਾਂ ਨੇ ਹੁਕਮਰਾਨਾਂ ’ਤੇ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦਾ ਦੋਸ਼ ਲਾਇਆ। ਅੱਜ ਵੱਖ ਵੱਖ ਪੀੜਤ ਉਮੀਦਵਾਰਾਂ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਮੁਲਾਕਾਤਾਂ ਕੀਤੀਆਂ ਅਤੇ ਲਿਖਤੀ ਸ਼ਿਕਾਇਤਾਂ ਦੇ ਕੇ ਵੋਟਾਂ ਦੀ ਗਿਣਤੀ ਵੇਲੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਪਿੰਡ ਕੈਲੋਂ ਦੇ ਜਸਮੇਰ ਸਿੰਘ ਨੇ ਦੱਸਿਆ ਕਿ ਉਹ ਦੋ ਵਾਰ ਵੋਟਾਂ ਦੀ ਗਿਣਤੀ ਵਿੱਚ ਚੋਣ ਜਿੱਤ ਰਹੇ ਸੀ ਪਰ ਤੀਜੀ ਵਾਰ ਗਿਣਤੀ ਵਿੱਚ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ। ਉਨ੍ਹਾਂ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਹੋਰ ਚੋਣ ਅਮਲੇ ਨੂੰ ਰੱਦ ਕੀਤੀਆਂ ਵੋਟਾਂ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਪਿੰਡ ਘਟੌਰ ਤੋਂ ਪੀੜਤ ਉਮੀਦਵਾਰ ਰਣਜੀਤ ਸਿੰਘ, ਨੰਬਰਦਾਰ ਰਾਜਿੰਦਰ ਸਿੰਘ, ਸਾਬਕਾ ਸਰਪੰਚ ਜਗਦੀਸ਼ ਸਿੰਘ, ਕੁਲਦੀਪ ਸਿੰਘ, ਸ਼ਰਨਜੀਤ ਸਿੰਘ ਸਮੇਤ ਪਿੰਡ ਵਾਸੀਆਂ ਨੇ ਡੀਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਪੋਲਿੰਗ ਬੂਥ ’ਤੇ ਤਾਇਨਾਤ ਸਟਾਫ਼ ਨੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣ ਅਮਲੇ ਨੇ ਸਹੀ ਤਰੀਕੇ ਨਾਲ ਡਿਊਟੀ ਨਹੀਂ ਨਿਭਾਈ ਅਤੇ ਸ਼ਾਮ ਨੂੰ ਵੋਟਾਂ ਦੀ ਗਿਣਤੀ ਸਮੇਂ ਜਾਣਬੁਝ ਕੇ ਬੱਤੀ ਗੁੱਲ ਕਰ ਦਿੱਤੀ ਅਤੇ ਕਥਿਤ ਤੌਰ ’ਤੇ ਕਾਫੀ ਬੈਲੇਟ ਪੇਪਰ ਪਾੜ ਦਿੱਤੇ। ਬਹਿਲੋਲਪੁਰ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪੋਲਿੰਗ ਸਟਾਫ਼ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਮਨਜੀਤ ਰਾਣਾ ਨੂੰ 43 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ। ਇਸ ਸਬੰਧੀ ਜਦੋਂ ਉਨ੍ਹਾਂ ਸਟਾਫ਼ ਨੂੰ ਜੇਤੂ ਅਤੇ ਹਾਰੇ ਹੋਏ ਉਮੀਦਵਾਰ ਨੂੰ ਪਈਆਂ ਵੋਟਾਂ ਦਿਖਾਉਣ ਦੀ ਅਪੀਲ ਕੀਤੀ ਤਾਂ ਸਾਡੀ ਗੱਲ ਨਹੀਂ ਸੁਣੀ ਗਈ। ਇਸੇ ਤਰ੍ਹਾਂ ਪਿੰਡ ਸ਼ਾਹਪੁਰ ਤੋਂ ਸਰਪੰਚੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ, ਉਸ ਦੇ ਪਤੀ ਸਤਵਿੰਦਰ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਪੋਲਿੰਗ ਸਟਾਫ਼ ਨੇ ਸ਼ਰ੍ਹੇਆਮ ਧੱਕੇਸ਼ਾਹੀ ਕਰਦਿਆਂ ਕਥਿਤ ਤੌਰ ’ਤੇ ਪੋਲਿੰਗ ਏਜੰਟਾਂ ਦੇ ਦਸਤਖ਼ਤਾਂ ਤੋਂ ਬਿਨਾਂ ਹੀ ਦੇਰ ਰਾਤ 10 ਵਜੇ ਵਿਰੋਧੀ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ। ਉਨ੍ਹਾਂ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਸਟਾਫ਼ ਨੇ ਉਨ੍ਹਾਂ ਨੂੰ ਬੂਥ ਤੋਂ ਬਾਹਰ ਕੱਢ ਦਿੱਤਾ। ਰੌਲਾ ਪੈਣ ’ਤੇ ਡੀਐੱਸਪੀ ਖਰੜ ਅਤੇ ਐੱਸਐੱਚਓ ਵੀ ਮੌਕੇ ’ਤੇ ਪਹੁੰਚ ਗਏ ਅਤੇ 11 ਵਜੇ ਐੱਸਪੀ ਰੈਂਕ ਦੇ ਅਧਿਕਾਰੀ ਨੇ ਇਨਸਾਫ਼ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਨ੍ਹਾਂ ਪੀੜਤ ਉਮੀਦਵਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕਥਿਤ ਧਾਂਦਲੀ ਦੀ ਜਾਂਚ ਕਰਵਾਈ ਜਾਵੇ।