ਜੇਲ੍ਹ ’ਚ ਚੜ੍ਹੇਗਾ ਸੱਜਣ ਕੁਮਾਰ ਦਾ ਨਵਾਂ ਸਾਲ

* ਨਵੇਂ ਵਰ੍ਹੇ ਤੋਂ ਇਕ ਦਿਨ ਪਹਿਲਾਂ ਸੀਖਾਂ ਪਿੱਛੇ ਪੁੱਜਿਆ ਸੱਜਣ
* ਜੇਲ੍ਹ ਜਾਣ ਤੋਂ ਪਹਿਲਾਂ ਸੱਜਣ ਕੁਮਾਰ ਦਾ ਹੋਇਆ ਮੈਡੀਕਲ
* ਸਖ਼ਤ ਸੁਰੱਖਿਆ ਹੇਠ ਵੱਖਰੀ ਵੈਨ ’ਚ ਭੇਜਿਆ ਗਿਆ ਜੇਲ੍ਹ
* ਕੜਕੜਡੂਮਾ ਅਦਾਲਤ ਦੇ ਬਾਹਰ ਪੀੜਤ ਅਤੇ ਆਗੂ ਕਰਦੇ ਰਹੇ ਬਾਣੀ ਦਾ ਜਾਪ ਸਿੱਖ ਕਤਲੇਆਮ ਦੇ ਕੇਸ ’ਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੇ ਅੱਜ ਕੜਕੜਡੂਮਾ ਦੀ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਤਾਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਅਤੇ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ। ਮੰਡੋਲੀ ਜੇਲ੍ਹ ਦੇ ਮੁੱਖ ਗੇਟ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸੂਤਰਾਂ ਮੁਤਾਬਕ ਉਸ ਨੂੰ 14 ਨੰਬਰ ਜੇਲ੍ਹ ’ਚ ਰੱਖਿਆ ਜਾਵੇਗਾ। ਸਿੱਖ ਆਗੂਆਂ ਵੱਲੋਂ ਕੜਕੜਡੂਮਾ ਅਦਾਲਤ ਕੋਲ ਨਾ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤ ਅਦਾਲਤ ਦੇ ਬਾਹਰ ਬਾਣੀ ਦਾ ਜਾਪ ਕਰਦੇ ਰਹੇ। ਸੱਜਣ ਕੁਮਾਰ ਨੇ ਮੈਟਰੋਪਾਲਿਟਨ ਮੈਜਿਸਟਰੇਟ ਅਦਿੱਤੀ ਗਰਗ ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਆਤਮ ਸਮਰਪਣ ਕੀਤਾ। ਇਸ ਮਗਰੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਉੱਤਰ-ਪੱਛਮੀ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਭੇਜ ਦਿੱਤਾ। ਸੱਜਣ ਵੱਲੋਂ ਦੇਸ਼ ਦੀ ਸੁਰੱਖਿਅਤ ਜੇਲ੍ਹ ਤਿਹਾੜ ਵਿੱਚ ਭੇਜੇ ਜਾਣ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਸ ਨੂੰ ਵੱਖ ਵੈਨ ਵਿੱਚ ਭੇਜਣ ਦੀ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਗਈ। ਸੱਜਣ ਦੇ ਵਕੀਲ ਨੇ ਕਿਹਾ ਸੀ ਕਿ ਉਸ ਦੇ ਮੁਵੱਕਿਲ ਦਾ ਨਵੰਬਰ 1984 ਦੇਸਿੱਖ ਕਤਲੇਆਮ ਨਾਲ ਸਬੰਧਤ ਹੋਰ ਮਾਮਲਾ ਚੱਲ ਰਿਹਾ ਹੋਣ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਹੈ। ਸੱਜਣ ਕੁਮਾਰ ਵੱਲੋਂ ਆਤਮ ਸਮਰਪਣ ਲਈ ਹੋਰ ਮੋਹਲਤ ਮੰਗੇ ਜਾਣ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ 21 ਦਸੰਬਰ ਨੂੰ ਰੱਦ ਕਰ ਦਿੱਤਾ ਸੀ। ਉਂਜ ਸੱਜਣ ਕੁਮਾਰ ਨੇ ਹਾਈ ਕੋਰਟ ਦੇ 17 ਦਸੰਬਰ ਨੂੰ ਸੁਣਾਏ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਹੋਈ ਹੈ। ਸੱਜਣ ਕੁਮਾਰ ਨੂੰ ਪਾਲਮ ਕਾਲੋਨੀ ਦੇ ਰਾਜ ਨਗਰ ਪਾਰਟ-1 ਵਿੱਚ 5 ਸਿੱਖਾਂ ਦੇ ਕਤਲ ਅਤੇ ਰਾਜ ਨਗਰ ਦੇ ਪਾਰਟ-2 ਵਿਖੇ ਗੁਰਦੁਆਰਾ ਸਾੜਨ ਦੇ ਮੁਕੱਦਮੇ ਵਿੱਚ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।