ਪੁਲਵਾਮਾ ’ਚ ਜੈਸ਼ ਦੇ ਚਾਰ ਅਤਿਵਾਦੀ ਹਲਾਕ

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਦਹਿਸ਼ਤਗਰਦ ਹਲਾਕ ਹੋ ਗਏ। ਇਨ੍ਹਾਂ ਵਿੱਚੋਂ ਇਕ ਦਹਿਸ਼ਤਗਰਦ ਦਾ ਸਬੰਧ ਪਾਕਿਸਤਾਨ ਨਾਲ ਦੱਸਿਆ ਜਾਂਦਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸਲਾਮਤੀ ਦਸਤਿਆਂ ਨੂੰ ਹੰਜਨ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਮੌਜੂਦੀ ਬਾਰੇ ਪੁਖਤਾ ਜਾਣਕਾਰੀ ਸੀ। ਇਸ ਦੌਰਾਨ ਅੱਜ ਸਵੇਰੇ ਜਿਵੇਂ ਹੀ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭੀ ਗਈ ਤਾਂ ਲੁਕੇ ਬੈਠੇ ਦਹਿਸ਼ਤਗਰਦਾਂ ਨੇ ਸਲਾਮਤੀ ਦਸਤਿਆਂ ’ਤੇ ਗੋਲੀ ਚਲਾ ਦਿੱਤੀ। ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ। ਬੁਲਾਰੇ ਨੇ ਕਿਹਾ ਕਿ ਤਿੰਨ ਦਹਿਸ਼ਤਗਰਦਾਂ ਦੀ ਪਛਾਣ ਮੁਜ਼ਾਮਿਲ ਅਹਿਮਦ ਡਾਰ, ਵਸੀਮ ਅਕਰਮ ਵਾਨੀ ਤੇ ਮੁਜ਼ਾਮਿਲ ਨਾਜ਼ਿਰ ਭੱਟ ਵਜੋਂ ਹੋਈ ਹੈ। ਤਿੰਨੇ ਪੁਲਵਾਮਾ ਨਾਲ ਸਬੰਧਤ ਦੱਸੇ ਜਾਂਦੇ ਹਨ। ਬੁਲਾਰੇ ਮੁਤਾਬਕ ਮੁਕਾਬਲੇ ਵਾਲੀ ਥਾਂ ਤੋਂ ਮਿਲੀ ਸਮੱਗਰੀ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ’ਚੋਂ ਇਕ ਦਹਿਸ਼ਤਗਰਦ ਦਾ ਸਬੰਧ ਪਾਕਿਸਤਾਨ ਨਾਲ ਹੈ। ਬੁਲਾਰੇ ਨੇ ਕਿਹਾ, ‘ਸਾਰੇ ਦਹਿਸ਼ਤਗਰਦ ਦਹਿਸ਼ਤੀ ਜਥੇਬੰਦੀ ਜੈਸ਼ ਏ ਮੁਹੰਮਦ ਦੇ ਮੈਂਬਰ ਹਨ, ਜੋ ਸੁਰੱਖਿਆ ਟਿਕਾਣਿਆਂ ਤੇ ਆਮ ਨਾਗਰਿਕਾਂ ’ਤੇ ਜ਼ੁਲਮ ਕਰਨ ਸਮੇਤ ਹੋਰ ਕਈ ਲੜੀਵਾਰ ਦਹਿਸ਼ਤੀ ਅਪਰਾਧਾਂ ’ਚ ਸ਼ਾਮਲ ਸਨ। ਸਲਾਮਤੀ ਦਸਤਿਆਂ ਨੇ ਮੁਕਾਬਲੇ ਵਾਲੀ ਥਾਂ ਤੋਂ ਰਾਈਫ਼ਲਾਂ ਸਮੇਤ ਹੋਰ ਹਥਿਆਰ ਤੇ ਗੋਲੀਸਿੱਕਾ ਬਰਾਮਦ ਕੀਤਾ ਹੈ, ਜਿਨ੍ਹਾਂ ਨੂੰ ਕੇਸ ਰਿਕਾਰਡ ਤਹਿਤ ਜ਼ਬਤ ਕਰ ਲਿਆ ਗਿਆ ਹੈ।