ਨਗਰ ਨਿਗਮ ਨੇ ਅੱਜ 456 ਰਜਿਸਟਰਡ ਸਟਰੀਟ ਵੈਂਡਰਜ਼ ਨੂੰ ਥਾਂ ਅਲਾਟ ਕਰਨ ਲਈ ਡਰਾਅ ਕੱਢਿਆ। ਇਹ ਸਟਰੀਟ ਵੈਂਡਰ ਵੱਖ-ਵੱਖ ਸੈਕਟਰਾਂ 7, 8, 9, 10, 11, 15, 16, 21, 23, 24, 28, 29, 30, 31, 33, 35, 38, 39, 41 ਅਤੇ 42 ਵਿੱਚ ਬੈਠਣਗੇ। ਅੱਜ ਦਾ ਇਹ ਡਰਾਅ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਤਿਲਕ ਰਾਜ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਮੌਕੇ ਨਿਗਮ ਦੇ ਕਈ ਉੱਚ ਅਧਿਕਾਰੀ ਮੌਜੂਦ ਸਨ। ਕਮਿਸ਼ਨਰ ਕੇਕੇ ਯਾਦਵ ਅਨੁਸਾਰ ਸਟਰੀਟ ਵੈਂਡਰਜ਼ ਦੇ ਸਬੰਧ ਵਿੱਚ ਵੱਖ-ਵੱਖ ਸਮੇਂ ’ਤੇ ਲੋੜ ਅਨੁਸਾਰ ਟਾਊਨ ਵੈਂਡਿੰਗ ਕਮੇਟੀ ਲੋੜੀਂਦੇ ਕਦਮ ਚੁੱਕੇਗੀ। ਨਿਗਮ ਦੇ ਇਨਫਰਾਸਟਰਕਰ ਵਿੰਗ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਮੇਂ-ਸਮੇਂ ’ਤੇ ਜਾ ਕੇ ਚੈੱਕ ਕੀਤਾ ਜਾਵੇ ਕਿ ਕੀ ਰਜਿਸਟਰਡ ਵੈਂਡਰਾਂ ਆਪੋ-ਆਪਣੀਆਂ ਨਿਰਧਾਰਿਤ ਥਾਵਾਂ ’ਤੇ ਮੌਜੂਦ ਹਨ ਜਾਂ ਨਹੀਂ। ਜੇਕਰ ਕੋਈ ਗੈਰਕਾਨੂੰਨੀ ਢੰਗ ਨਾਲ ਬੈਠਾ ਮਿਲਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਜੁਰਮਾਨਾ ਵੀ ਲਾਇਆ ਜਾਵੇਗਾ। ਸ਼ਨਿਚਰਵਾਰ ਨੂੰ ਸੈਕਟਰ 44, 45, 46, 47 ,48 , 49 ,50 ,51, 52, ਆਈਟੀ ਪਾਰਕ, ਧਨਾਸ, ਮਲੋਆ ਅਤੇ ਸੈਕਟਰ 43 ਵਿਚ ਸਟਰੀਟ ਵੈਂਡਰਜ਼ ਨੂੰ ਬਿਠਾਉਣ ਸਬੰਧੀ ਡਰਾਅ ਕੱਢਿਆ ਜਾਵੇਗਾ। ਐਤਵਾਰ ਨੂੰ ਸੈਕਟਰ 19, 22, 32, 40, ਮਨੀਮਾਜਰਾ, ਮੌਲੀ ਜਾਗਰਾਂ ਅਤੇ ਡੱਡੂਮਾਜਰਾ ਵਿਚ ਸਟਰੀਟ ਵੈਂਡਰਜ਼ ਨੂੰ ਬਿਠਾਉਣ ਸਬੰਧੀ ਡਰਾਅ ਕੱਢੇ ਜਾਣਗੇ। ਇਸੇ ਦੌਰਾਨ ਕਾਂਗਰਸੀ ਆਗੂ ਅਤੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਅੱਜ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਪੱਤਰ ਭੇਜ ਕੇ ਇਸ ਪੂਰੇ ਸਟਰੀਟ ਵੈਂਡਰਜ਼ ਐਕਟ ਨੂੰ ਧਾਂਦਲੀ ਕਰਾਰ ਦਿੱਤਾ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਜਦੋਂ ਡਰਾਅ ਕੱਢਿਆ ਗਿਆ ਤਾਂ ਉਹ ਵੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਸ ਮੌਕੇ ਕਈ ਵੈਂਡਰਜ਼ ਨੇ ਉਨ੍ਹਾਂ ਨੂੰ ਮਿਲ ਕੇ ਦੱਸਿਆ ਕਿ ਕਿਸ ਤਰ੍ਹਾਂ ਕੰਪਨੀ ਨੇ ਉਨ੍ਹਾਂ ਤੋਂ ਪੈਸੇ ਲੁੱਟੇ ਅਤੇ ਹੁਣ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਸਿਰਫ ਆਪਣੇ ਚਹੇਤਿਆਂ ਨੂੰ ਅਡਜਸਟ ਕੀਤਾ ਹੈ। ਉਨ੍ਹਾਂ ਇਸ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਜੱਜਾਂ ਰਾਹੀਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
INDIA ਡਰਾਅ ਰਾਹੀਂ ਫੜ੍ਹੀਆਂ ਵਾਲਿਆਂ ਨੂੰ ਥਾਂ ਅਲਾਟ