ਆਈਸਲੈਂਡ ਵਿੱਚ ਯੂਕੇ ਆਧਾਰਿਤ ਭਾਰਤੀ ਮੂਲ ਦੇ ਪਰਿਵਾਰ ਨਾਲ ਵਾਪਰੇ ਹਾਦਸੇ ਵਿੱਚ ਦੋ ਔਰਤਾਂ ਤੇ ਇਕ ਬੱਚੇ ਦੀ ਮੌਤ ਹੋ ਗਈ। ਆਈਸਲੈਂਡ ਸੈਰ-ਸਪਾਟੇ ਲਈ ਗਿਆ ਸੱਤ ਮੈਂਬਰੀ ਪਰਿਵਾਰ ਕਿਰਾਏ ਦੀ ਐਸਯੂਵੀ ’ਚ ਸਵਾਰ ਸੀ, ਜੋ ਸੜਕ ’ਤੇ ਬਰਫ਼ ਦੀ ਤਿਲਕਣ ਕਰਕੇ ਪੁਲ ਦੀ ਰੇਲਿੰਗ ਤੋੜਦਿਆਂ ਹੇਠਾਂ ਜਾ ਡਿੱਗੀ। ਜ਼ਖ਼ਮੀਆਂ ’ਚ ਦੋ ਭਰਾ ਤੇ ਦੋ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਹੈਲੀਕੌਪਟਰ ਰਾਹੀਂ ਆਈਲੈਂਡ ਦੀ ਰਾਜਧਾਨੀ ਰੇਕਜਾਵਿਕ ਸਥਿਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁਕਾਮੀ ਪੁਲੀਸ ਨੇ ਪੀੜਤ ਪਰਿਵਾਰ ਦੀ ਪਛਾਣ ਬਰਤਾਨਵੀ ਨਾਗਰਿਕਾਂ ਵਜੋਂ ਕੀਤੀ ਹੈ, ਪਰ ਅਜੇ ਤਕ ਉਨ੍ਹਾਂ ਦੀ ਰਸਮੀ ਸ਼ਨਾਖ਼ਤ ਨਹੀਂ ਹੋ ਸਕੀ। ਪੀੜਤ ਪਰਿਵਾਰ ਵਿੱਚ ਦੋ ਜੋੜਿਆਂ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਬੱਚੇ (ਤਿੰਨ, ਅੱਠ ਤੇ ਨੌਂ ਸਾਲ) ਸ਼ਾਮਲ ਸਨ। ਜਾਣਕਾਰੀ ਅਨੁਸਾਰ ਸਬੰਧਤ ਪਰਿਵਾਰ ਆਈਲੈਂਡ ਦੇ ਨੌਰਡਿਕ ਟਾਪੂ ’ਤੇ ਛੁੱਟੀਆਂ ਮਨਾਉਣ ਲਈ ਆਇਆ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਕਿਰਾਏ ’ਤੇ ਲਈ ਟੌਇਟਾ ਲੈਂਡ ਕਰੂਜ਼ਰ ਗੱਡੀ ਜਿਵੇਂ ਹੀ ਸਕੀਦਰਾਰਸੈਂਡਰ ਦੇ ਇਕਹਿਰੇ ਲੇਨ ਵਾਲੇ ਪੁਲ ਉਪਰੋਂ ਦੀ ਲੰਘੀ ਤਾਂ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਈ। ਆਈਲੈਂਡ ਵਿੱਚ ਭਾਰਤ ਦੇ ਰਾਜਦੂਤ ਟੀ.ਆਰਮਸਟਰੌਂਗ ਚਾਂਗਸਾਨ ਨੇ ਹਸਪਤਾਲ ਵਿੱਚ ਦਾਖ਼ਲ ਹਾਦਸੇ ਦੇ ਜ਼ਖ਼ਮੀਆਂ ਦੀ ਖ਼ਬਰਸਾਰ ਲਈ। ਸ੍ਰੀ ਚਾਂਗਸਾਨ ਨੇ ਭਾਰਤ ਵਿੱਚ ਸਬੰਧਤ ਪਰਿਵਾਰਾਂ ਨਾਲ ਸੰਪਰਕ ਕਰਨ ਤੋਂ ਪਹਿਲਾਂ ਹਸਪਤਾਲ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਭਾਰਤੀ ਸਫ਼ੀਰ ਨੇ ਹਾਦਸੇ ਵਿੱਚ ਤਿੰਨ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਦੀ ਹਾਲਤ ‘ਸਥਿਰ’ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਪਰਿਵਾਰ ਲੰਡਨ ਤੋਂ ਇਥੇ ਆਇਆ ਸੀ ਤੇ ਪਿੱਛੇ ਭਾਰਤ ਦੇ ਮਹਾਰਾਸ਼ਟਰ ਵਿੱਚ ਰਹਿੰਦੇ ਮਾਤਾ-ਪਿਤਾ ਨੇ ਇਸ ਯਾਤਰਾ ਦੀ ਵਿਉਂਤਬੰਦੀ ਕੀਤੀ ਸੀ।
UK ਆਈਸਲੈਂਡ ’ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਅ ਹਲਾਕ