ਹਰਿਆਣਾ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਅੱਜ ਰੌਲੇ-ਰੱਪੇ ਦੀ ਭੇਟ ਚੜ੍ਹ ਗਿਆ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮਾਮਲੇ ਵਿੱਚ ਪਹਿਲਾਂ ਕਾਂਗਰਸ ਅਤੇ ਬਾਅਦ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਵਿਧਾਇਕਾਂ ਨੇ ਵਿਧਾਨ ਸਭਾ ’ਚੋਂ ਵਾਕਆਊਟ ਕੀਤਾ। ਇਕ ਸਮੇਂ ਤਾਂ ਮੰਤਰੀ ਕਿਸ਼ਨ ਬੇਦੀ ਅਤੇ ਇਨੈਲੋ ਦੇ ਵਿਧਾਇਕ ਕਿਹਰ ਸਿੰਘ ਰਾਓ ਨੂੰ ਮਾਰਸ਼ਲਾਂ ਨੇ ਗੁੱਥਮਗੁੱਥਾ ਹੋਣ ਤੋਂ ਬਚਾਇਆ। ਸੈਸ਼ਨ ਦੇ ਸ਼ੁਰੂ ਵਿੱਚ ਅੱਜ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਧਾਨ ਸਭਾ ਵਿੱਚੋਂ ਮੁਅੱਤਲ ਕੀਤੇ ਕਾਂਗਰਸ ਦੇ ਵਿਧਾਇਕ ਕਰਨ ਦਲਾਲ ਨੂੰ ਅੱਜ ਸੈਸ਼ਨ ’ਚ ਆਉਣ ਦੀ ਇਜਾਜ਼ਤ ਦਿੱਤੀ ਗਈ। ਉਸ ਤੋਂ ਬਾਅਦ ਵਿਰੋੋਧੀ ਧਿਰ ਦੇ ਆਗੂ ਅਭੈ ਚੌਟਾਲਾ ਅਤੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਕਿਰਨ ਚੌਧਰੀ ਨੇ ਇਕ ਰੋਜ਼ਾ ਸੈਸ਼ਨ ਸੱਦਣ ਅਤੇ ਇਸ ਵਿੱਚ ਪ੍ਰਸ਼ਨ ਕਾਲ ਨਾ ਰੱਖਣ ਉੱਪਰ ਰੋਸ ਪ੍ਰਗਟ ਕੀਤਾ। ਸ੍ਰੀ ਚੌਟਾਲਾ ਨੇ ਜਦੋਂ ਕਿਹਾ ਕਿ ਰਾਜ ਵਿੱਚ ਕਰਜ਼ਿਆਂ ਕਾਰਨ 15 ਹਜ਼ਾਰ ਕਿਸਾਨ ਖੁਦਕੁਸ਼ੀ ਕਰ ਗਏ ਹਨ ਤਾਂ ਇਸ ਅੰਕੜੇ ’ਤੇ ਭਾਜਪਾ ਨੇ ਮੁੜ ਸ੍ਰੀ ਚੌਟਾਲਾ ਨੂੰ ਘੇਰ ਲਿਆ। ਇਸੇ ਦੌਰਾਨ ਕਾਂਗਰਸ ਦੀ ਆਗੂ ਕਿਰਨ ਚੌਧਰੀ ਨੇ ਉਨ੍ਹਾਂ ਦੇ ਮੁੱਦੇ ਸਦਨ ਵਿੱਚ ਨਾ ਲਾਉਣ ’ਤੇ ਰੋਸ ਪ੍ਰਗਟ ਕੀਤਾ ਅਤੇ ਖੱਟਰ ਸਰਕਾਰ ’ਤੇ ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕਰਨ ਦੇ ਦੋਸ਼ ਲਾਏ। ਇਨੈਲੋ ਦੇ ਵਿਧਾਇਕ ਲੰਮਾਂ ਸਮਾਂ ਨਾਅਰੇਬਾਜ਼ੀ ਕਰਦੇ ਰਹੇ ਅਤੇ ਅਖੀਰ ਵਾਕਆਊਟ ਕਰ ਗਏ। ਸ੍ਰੀ ਖੱਟਰ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਸਦਨ ਦਾ ਸਮਾਂ ਬਰਬਾਦ ਕਰਨ ਤੱਕ ਹੀ ਸੀਮਤ ਹੈ। ਸ੍ਰੀ ਚੌਟਾਲਾ ਨੇ ਕਿਹਾ ਕਿ ਭਾਜਪਾ ਦੇ 4 ਵਿਧਾਇਕ ਮੁੱਖ ਮੰਤਰੀ ਵਿਰੁੱਧ ਪ੍ਰੈੱਸ ਕਾਨਫਰੰਸ ਕਰਨ ਲਈ ਮਜਬੂਰ ਹਨ ਤਾਂ ਭਾਜਪਾ ਦੇ ਵਿਧਾਇਕਾਂ ਨੇ ਵੀ ਸ੍ਰੀ ਚੌਟਾਲਾ ਉੱਪਰ ਭਰਾ, ਭਰਜਾਈ ਅਤੇ ਭਤੀਜਿਆਂ ਨਾਲ ਉਨ੍ਹਾਂ ਦੀ ਚੱਲ ਰਹੀ ਸਿਆਸੀ ਲੜਾਈ ਦਾ ਮਜ਼ਾਕ ਉਡਾਇਆ। ਖੇਤੀਬਾੜੀ ਮੰਤਰੀ ਓਪੀ ਧਨਖੜ ਨੇ ਕਾਂਗਰਸ ’ਤੇ ਪੰਜਾਬ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਇਸੇ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੀਐੱਸ ਹੁੱਡਾ ਨੇ ਮੁੱਖ ਮੰਤਰੀ ਸ੍ਰੀ ਖੱਟਰ ਨੂੰ ਕਿਸਾਨੀ ਕਰਜ਼ਿਆਂ ਬਾਰੇ ਪਾਰਟੀ ਦਾ ਪੱਖ ਸਪੱਸ਼ਟ ਕਰਨ ਲਈ ਕਿਹਾ। ਸੱਤਾਧਾਰੀ ਧਿਰ ਨੇ ਕਾਂਗਰਸ ਉੱਪਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਸ੍ਰੀ ਹੁੱਡਾ ਸਾਰੇ ਕਾਂਗਰਸੀ ਵਿਧਾਇਕਾਂ ਸਮੇਤ ਵਾਕਆਊਟ ਕਰ ਗਏ। ਵਿਰੋਧੀ ਧਿਰ ਦੇ ਆਗੂ ਅਭੇ ਚੌਟਾਲਾ ਸਤਲੁਜ ਯਮਨਾ ਲਿੰਕ ਨਹਿਰ (ਐੱਸਵਾਈਐੱਲ) ਅਤੇ ਕਿਸਾਨੀ ਕਰਜ਼ਿਆਂ ਦੇ ਮੁੱਦੇ ਉਪਰ ਬੋਲਣ ਲਈ ਬਜ਼ਿੱਦ ਸਨ ਤਾਂ ਸੱਤਾਧਾਰੀ ਧਿਰ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਸ੍ਰੀ ਚੌਟਾਲਾ ਨੇ ਇਕ ਮੰਤਰੀ ਉੱਪਰ ਤਿੱਖੀ ਟਿੱਪਣੀ ਕਰ ਦਿੱਤੀ, ਜਿਸ ਤੋਂ ਬਾਅਦ ਭਾਜਪਾ ਭੜਕ ਉੱਠੀ ਅਤੇ ਉਸ ਦੇ ਮੰਤਰੀ ਕਿਸ਼ਨ ਬੇਦੀ ਨੇ ਸ੍ਰੀ ਚੌਟਾਲਾ ਬਾਰੇ ਕੋਈ ਤਿੱਖੀ ਟਿੱਪਣੀ ਕਰ ਦਿੱਤੀ। ਇਸ ਮਗਰੋਂ ਇਨੈਲੋ ਦੇ ਵਿਧਾਇਕ ਭਾਜਪਾ ਦੇ ਮੰਤਰੀ ਸ੍ਰੀ ਬੇਦੀ ਨਾਲ ਖਹਿਬੜ ਪਏ, ਜਿਨ੍ਹਾਂ ਨੂੰ ਮਾਰਸ਼ਲਾਂ ਨੇ ਆ ਕੇ ਕਾਬੂ ਕੀਤਾ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਿਧਾਨ ਸਭਾ ਦੀ ਕਾਰਵਾਈ ਦੇਖਣ ਪੁੱਜੇ ਹੋਏ ਸਨ।
INDIA ਰੌਲੇ ਰੱਪੇ ਦੀ ਭੇਟ ਚੜ੍ਹਿਆ ਹਰਿਆਣਾ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ