ਕਾਰ ਦਰੱਖਤ ਨਾਲ ਟਕਰਾਈ, ਡਰਾਈਵਰ ਨੇ ਮਸਾਂ ਜਾਨ ਬਚਾਈ

ਮੁਕੇਰੀਆਂ- ਬੀਤੀ ਰਾਤ ਦਸੂਹਾ-ਹੁਸਿਆਰਪੁਰ ਰੋਡ ’ਤੇ ਪੈਂਦੇ ਮਾਨਗੜ੍ਹ ਟੋਲ ਪਲਾਜ਼ਾ ਅਤੇ ਭੱਠੇ ਦਰਮਿਆਨ ਵਾਲੇ ਖੇਤਰ ’ਚ ਸਾਹਮਣਿਓਂ ਲਾਈਟਾਂ ਪੈਣ ਕਾਰਨ ਬੇਕਾਬੂ ਹੋਈ ਆਲਟੋ ਕਾਰ ਦਰੱਖਤ ’ਚ ਵੱਜ ਗਈ ਅਤੇ ਸਪਾਰਕਿੰਗ ਹੋਕੇ ਅੱਗ ਲੱਗਣ ਕਰਕੇ ਸੜਕ ਕੇ ਸੁਆਹ ਹੋ ਗਈ। ਕਾਰ ਡਰਾਈਵਰ ਨੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਜ਼ਖਮੀ ਡਰਾਈਵਰ ਨੂੰ ਹਸਪਤਾਲ ’ਚ ਦਾਖਲ ਕਰਵਾ ਕੇ ਵਾਹਨ ਕਬਜ਼ੇ ’ਚ ਲੈ ਕੇ ਗੜ੍ਹਦੀਵਾਲਾ ਪੁਲੀਸ ਨੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਧੂਤ ਕਲਾਂ ਆਪਣੀ ਆਲਟੋ ਕਾਰ ਪੀ.ਬੀ.ਯੂ-3989 ’ਚ ਦਸੂਹਾ ਤੋਂ ਆਪਣੇ ਪਿੰਡ ਧੂਤ ਕਲਾਂ ਨੂੰ ਪਰਤ ਰਿਹਾ ਸੀ। ਜਦੋਂ ਮਾਨਗੜ੍ਹ ਟੋਲ ਪਲਾਜ਼ਾ ਤੋਂ ਥੋੜਾ ਅੱਗੇ ਆਇਆ ਤਾਂ ਅੱਗੋਂ ਪਈਆਂ ਤੇਜ਼ ਲਾਈਟਾਂ ਕਾਰਨ ਬੇਕਾਬੂ ਹੋਈ ਕਾਰ ਦਰੱਖਤ ਨਾਲ ਜਾ ਟਕਰਾਈ। ਸਪਾਰਕਿੰਗ ਹੋਣ ਕਰਕੇ ਕਾਰ ਨੂੰ ਅੱਗ ਪੈ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਕਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਕਾਰ ਚਾਲਕ ਬੜੀ ਮੁਸ਼ਕਲ ਨਾਲ ਆਪਣਾ ਜਾਨ ਬਚਾ ਕੇ ਜ਼ਖਮੀ ਹਾਲਤ ਵਿੱਚ ਗੱਡੀ ਵਿੱਚੋਂ ਬਾਹਰ ਨਿੱਕਲਿਆ। ਰੌਲਾ ਪੈਣ ’ਤੇ ਲੋਕ ਘਟਨਾ ਸਥਾਨ ’ਤੇ ਪੁੱਜੇ ਤਾਂ ਕਾਰ ਸੜ੍ਹਕੇ ਸੁਆਹ ਹੋ ਚੁੱਕੀ ਸੀ।