ਸਰਪੰਚੀ ਦਾ ਉਮੀਦਵਾਰ ਹਰੀ ਸਿੰਘ ਮਹਿਰਾਜ ਖ਼ੁਰਦ ’ਚ ਵੰਡ ਰਿਹਾ ਹੈ ਹਰਿਆਲੀ

ਪਿੰਡ ਮਹਿਰਾਜ ਖ਼ੁਰਦ ਦੀ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਹਰੀ ਸਿੰਘ ਮਿੱਠੂ ਨੇ ਚੋਣ ਪ੍ਰਚਾਰ ਦੌਰਾਨ ਘਰ ਘਰ ਹਰਿਆਲੀ ਵੰਡਣੀ ਸ਼ੁਰੂ ਕੀਤੀ ਹੈ। ਇਸ ਉਮੀਦਵਾਰ ਨੇ ਪੂਰੇ ਪਿੰਡ ਨੂੰ ਅਖ਼ਬਾਰਾਂ ਦੀ ਚੇਟਕ ਲਾਉਣ ਦਾ ਵਾਅਦਾ ਵੀ ਕੀਤਾ ਹੈ। ਸਭ ਤੋਂ ਪਹਿਲਾਂ ਉਸ ਨੇ ਪਿੰਡ ਵਾਸੀਆਂ ਕੋਲ ਆਪਣਾ ਚੋਣ ਮਨੋਰਥ ਪੱਤਰ ਰੱਖਿਆ ਜਿਸ ਵਿਚ ਉਸ ਨੇ ਪਿੰਡ ਦੇ ਵਿਕਾਸ ਤੇ ਤਰੱਕੀ ਲਈ ਵਾਅਦੇ ਕੀਤੇ ਹਨ। ਉਸ ਨੇ ਅੱਜ ਪਿੰਡ ਦੇ ਘਰ ਘਰ ਵਿਚ ਪੌਦੇ ਵੰਡੇ ਅਤੇ ਨਾਲ ਹੀ ਬੱਚਿਆਂ ਨੂੰ ਅਖ਼ਬਾਰਾਂ ਪੜ੍ਹਨ ਲਈ ਪ੍ਰੇਰਿਆ। ਇਸ ਪਿੰਡ ਦੀ ਆਬਾਦੀ 600 ਦੇ ਕਰੀਬ ਹੈ ਅਤੇ 354 ਵੋਟਾਂ ਹਨ। ਨਗਰ ਪੰਚਾਇਤ ਮਹਿਰਾਜ ਦੀ ਹਦੂਦ ਤੋਂ ਬਾਹਰ ਹੋਣ ਕਰਕੇ ਮਹਿਰਾਜ ਖ਼ੁਰਦ ਵਿਕਾਸ ਦੀ ਹਾਲੇ ਪੂਣੀ ਵੀ ਨਹੀਂ ਕੱਤ ਸਕਿਆ ਹੈ। ਪੰਜ ਮੈਂਬਰਾਂ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ ਹੋ ਚੁੱਕੀ ਹੈ, ਜਦੋਂ ਕਿ ਸਰਪੰਚੀ ਦੀ ਚੋਣ ਲਈ ਹਰੀ ਸਿੰਘ ਮਿੱਠੂ ਅਤੇ ਮਨਦੀਪ ਸਿੰਘ ਦਰਮਿਆਨ ਮੁਕਾਬਲਾ ਹੈ। ਮਹਿਰਾਜ ਖ਼ੁਰਦ ਦੇ ਸਮਾਜਿਕ ਕਾਰਕੁਨ ਰਾਜਵੀਰ ਸਿੰਘ ਰਾਜਾ ਦਾ ਪ੍ਰਤੀਕਰਮ ਸੀ ਕਿ ਪਹਿਲੀ ਵਾਰ ਪੰਚਾਇਤੀ ਚੋਣ ਵਿਚ ਮੈਨੀਫੈਸਟੋ ਵੇਖਣ ਨੂੰ ਮਿਲਿਆ ਹੈ ਅਤੇ ਚੋਣ ਪ੍ਰਚਾਰ ਵਿਚ ਪੌਦੇ ਵੰਡਣਾ ਵੀ ਇੱਕ ਚੰਗੀ ਸ਼ੁਰੂਆਤ ਹੈ। ਉਮੀਦਵਾਰ ਨੇ ਹਰਾ ਭਰਾ ਮਹਿਰਾਜ ਬਣਾਉਣ ਦਾ ਪ੍ਰਣ ਕੀਤਾ ਹੈ। ਦੋਵੇਂ ਉਮੀਦਵਾਰਾਂ ਨੇ ਆਪੋ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਉਮੀਦਵਾਰ ਹਰੀ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਯੂਥ ਆਗੂ ਹਰਮਨਵੀਰ ਜੈਸੀ ਕਾਂਗੜ ਵੀ ਪੁੱਜੇ। ਚੋਣ ਪ੍ਰਚਾਰ ਦੌਰਾਨ ਬਲਜੀਤ ਕੌਰ, ਰਾਜਾ ਸਿੰਘ, ਗੁਰਮੀਤ ਕੌਰ , ਹਰਦੀਪ ਸਿੰਘ , ਸੁਖਦੀਪ ਸਿੰਘ ,ਬੂਟਾ ਸਿੰਘ, ਬਲਵਿੰਦਰ ਸਿੰਘ , ਕੁਲਦੀਪ ਸਿੰਘ, ਰੁਲਦੂ ਸਿੰਘ, ਨਛੱਤਰ ਸਿੰਘ ਅਤੇ ਹਰਦੀਪ ਸਿੰਘ ਆਦਿ ਵੀ ਨਾਲ ਸਨ। ਚੋਣ ਪ੍ਰਚਾਰ ਦੌਰਾਨ ਇਸ ਉਮੀਦਵਾਰ ਵੱਲੋਂ ਇਹ ਵੀ ਵਾਅਦਾ ਕੀਤਾ ਜਾ ਰਿਹਾ ਹੈ ਕਿ ਉਹ ਸਿਰਫ਼ ਇਕੱਲੇ ਪੌਦੇ ਵੰਡੇਗਾ ਹੀ ਨਹੀਂ, ਉਨ੍ਹਾਂ ਦਾ ਪਾਲਨ ਪੋਸ਼ਣ ਵੀ ਕਰੇਗਾ।