ਮਿਸ਼ਨ-2019: ਸ਼ਾਹ ਨੇ 17 ਸੂਬਿਆਂ ਲਈ ਟੀਮ ਉਤਾਰੀ

ਅਗਲੇ ਵਰ੍ਹੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ 17 ਸੂਬਿਆਂ ਲਈ ਪਾਰਟੀ ਇੰਚਾਰਜ ਐਲਾਨ ਦਿੱਤੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਰਾਜਸਥਾਨ ਤੇ ਥਾਵਰਚੰਦ ਗਹਿਲੋਤ ਨੂੰ ਉਤਰਾਖੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਦੀ ਵਾਗਡੋਰ ਹਰਿਆਣਾ ਦੇ ਕੈਬਨਿਟ ਮੰਤਰੀ ਕੈਪਟਨ ਅਭਿਮੰਨਿਊ ਨੂੰ ਸੌਂਪੀ ਗਈ ਹੈ। ਉਹ ਚੰਡੀਗੜ੍ਹ ਲੋਕ ਸਭਾ ਹਲਕੇ ਦੇ ਵੀ ਇੰਚਾਰਜ ਹੋਣਗੇ। ਇੰਚਾਰਜ ਤੋਂ ਇਲਾਵਾ ਕਈ ਸੂਬਿਆਂ ਵਿਚ ਸਹਿ-ਇੰਚਾਰਜ ਵੀ ਲਾਏ ਗਏ ਹਨ। ਗੁਜਰਾਤ ਦੇ ਆਗੂ ਗੋਵਰਧਨ ਝੜਾਪੀਆ, ਭਾਜਪਾ ਦੇ ਉੱਪ ਪ੍ਰਧਾਨ ਦੁਸ਼ਯੰਤ ਗੌਤਮ ਤੇ ਮੱਧ ਪ੍ਰਦੇਸ਼ ਦੇ ਆਗੂ ਨਰੋਤਮ ਮਿਸ਼ਰਾ ਨੂੰ ਸਿਆਸੀ ਪੱਖੋਂ ਅਹਿਮ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਥੇ ਭਾਜਪਾ ਨੂੰ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਤੋਂ ਸਖ਼ਤ ਟੱਕਰ ਮਿਲਣ ਦੀ ਉਮੀਦ ਹੈ। ਭਾਜਪਾ ਦੇ ਜਨਰਲ ਸਕੱਤਰ ਭੁਪੇਂਦਰ ਯਾਦਵ ਨੂੰ ਬਿਹਾਰ ਤੇ ਅਨਿਲ ਜੈਨ ਨੂੰ ਛੱਤੀਸਗੜ੍ਹ ਸੂਬਾ ਸੌਂਪਿਆ ਗਿਆ ਹੈ। ਆਂਧਰਾ ਪ੍ਰਦੇਸ਼ ਦੀ ਜ਼ਿੰਮੇਵਾਰੀ ਰਾਜ ਸਭਾ ਮੈਂਬਰ ਵੀ. ਮੁਰਲੀਧਰਨ ਤੇ ਪਾਰਟੀ ਸਕੱਤਰ ਦਿਓਧਰ ਰਾਓ ਰਲ ਕੇ ਸੰਭਾਲਣਗੇ। ਮਹੇਂਦਰ ਸਿੰਘ ਅਸਾਮ ਤੇ ਓਪੀ ਮਾਥੁਰ ਗੁਜਰਾਤ ਦੇ ਇੰਚਾਰਜ ਹੋਣਗੇ। ਪਾਰਟੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੂੰ ਰਾਜਸਥਾਨ ਦਾ ਸਹਿ-ਇੰਚਾਰਜ ਲਾਇਆ ਗਿਆ ਹੈ। ਯੂਪੀ ਦੇ ਮੰਤਰੀ ਸਵਤੰਤਰ ਦੇਵ ਸਿੰਘ ਮੱਧ ਪ੍ਰਦੇਸ਼ ਸੂਬੇ ਲਈ ਪਾਰਟੀ ਦੇ ਲੋਕ ਸਭਾ ਇੰਚਾਰਜ ਤੇ ਦਿੱਲੀ ਦੇ ਸਾਬਕਾ ਭਾਜਪਾ ਮੁਖੀ ਸਤੀਸ਼ ਉਪਾਧਿਆਏ ਸਹਿ-ਇੰਚਾਰਜ ਹੋਣਗੇ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਉੜੀਸਾ, ਕਰਨਾਟਕ ਦੇ ਸਾਬਕਾ ਮੰਤਰੀ ਅਰਵਿੰਦ ਲਿੰਬਾਵਲੀ ਤਿਲੰਗਾਨਾ ਤੇ ਉਤਰਾਖੰਡ ਦੇ ਸਾਬਕਾ ਭਾਜਪਾ ਮੁਖੀ ਤੀਰਥ ਸਿੰਘ ਰਾਵਤ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਹੋਣਗੇ। ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੂੰ ਨਾਗਾਲੈਂਡ ਤੇ ਮਣੀਪੁਰ ਦਾ ਇੰਚਾਰਜ ਥਾਪਿਆ ਗਿਆ ਹੈ। ਬਿਹਾਰ ਦੇ ਮੰਤਰੀ ਮੰਗਲ ਪਾਂਡੇ ਝਾਰਖੰਡ ਦੇ ਇੰਚਾਰਜ ਹੋਣਗੇ। ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਕੇਰਲ ਤੇ ਤਾਮਿਲਨਾਡੂ ਲਈ ਇੰਚਾਰਜ ਵੀ ਜਲਦੀ ਐਲਾਨੇ ਜਾਣਗੇ।