ਮੇਅਰ ਦਾ ਉਮੀਦਵਾਰ: ਕਿਰਨ ਤੇ ਟੰਡਨ ਵਿਚਾਲੇ ਸੈਮੀਫਾਈਨਲ

ਨਗਰ ਨਿਗਮ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 18 ਜਨਵਰੀ 2019 ਨੂੰ ਹੋ ਰਹੀ ਚੋਣ ਲਈ ਆਪੋ-ਆਪਣੇ ਚਹੇਤਿਆਂ ਨੂੰ ਉਮੀਦਵਾਰੀਆਂ ਦਿਵਾਉਣ ਲਈ ਸੰਜੇ ਟੰਡਨ ਅਤੇ ਕਿਰਨ ਖੇਰ ਤੇ ਸਤਪਾਲ ਜੈਨ ਦਾ ਧੜਾ ਪੱਬਾਂ ਭਾਰ ਹੋਏ ਪਏ ਹਨ।
ਸਿਆਸੀ ਹਲਕਿਆਂ ਅਨੁਸਾਰ ਮੇਅਰ ਦੀ ਚੋਣ ਸੰਸਦ ਮੈਂਬਰ ਕਿਰਨ ਖੇਰੇ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਲਈ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਟਿਕਟ ਹਾਸਲ ਕਰਨ ਲਈ ਇਕ ਸੈਮੀਫਾਈਨਲ ਵਾਂਗ ਹੋਵੇਗੀ। ਇਸ ਵਾਰ ਮੇਅਰ ਦੀ ਸੀਟ ਐੱਸਸੀ ਵਰਗ ਲਈ ਰਾਖਵੀਂ ਹੈ ਅਤੇ ਭਾਜਪਾ ਦੇ ਇਸ ਵਰਗ ਨਾਲ ਸਬੰਧਤ 4 ਕੌਂਸਲਰ ਹਨ ਅਤੇ ਸਾਰੇ ਹੀ ਟਿਕਟ ਦੀ ਦੌੜ ਵਿੱਚ ਹਨ। ਇਨ੍ਹਾਂ ’ਚੋਂ ਸਤੀਸ਼ ਕੈਂਥ ਤੇ ਬੀਬੀ ਫਰਮਿਲਾ ਖੇਰ ਧੜੇ ਅਤੇ ਰਾਜ਼ੇਸ਼ ਕਾਲੀਆ ਤੇ ਭਰਤ ਕੁਮਾਰ ਟੰਡਨ ਖੇਮੇ ਦੇ ਮੰਨੇ ਜਾਂਦੇ ਹਨ। ਭਾਵੇਂ ਨਿਗਮ ਵਿੱਚ ਚੁਣੇ 26 ਕੌਂਸਲਰਾਂ ਵਿਚੋਂ 20 ਕੌਂਸਲਰ ਭਾਜਪਾ ਨਾਲ ਸਬੰਧਤ ਹਨ ਅਤੇ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬਟੇਰਲਾ ਅਤੇ ਆਜ਼ਾਦ ਕੌਂਸਲਰ ਦਲੀਪ ਸ਼ਰਮਾ ਵੀ ਭਾਜਪਾ ਦੇ ਹੀ ਸਮਰਥਕ ਹਨ ਪਰ ਇਸ ਦੇ ਬਾਵਜੂਦ ਭਾਜਪਾ ਕੌਂਸਲਰ ਟੰਡਨ ਅਤੇ ਖੇਰ-ਜੈਨ ਧੜਿਆਂ ਵਿਚ ਤਕਰੀਬਨ ਅੱਧੋ-ਅੱਧ ਵੰਡੇ ਹੋਏ ਹਨ।
ਚੇਤੇ ਕਰਵਾਇਆ ਜਾਂਦਾ ਹੈ ਕਿ ਪਿਛਲੀ ਚੋਣ ਦੌਰਾਨ ਮੇਅਰ ਦੇ ਅਹੁਦੇ ਲਈ ਦੇਵੇਸ਼ ਮੋਦਗਿਲ ਦੇ ਮੁਕਾਬਲੇ ਭਾਜਪਾ ਦੀ ਸਾਬਕਾ ਮੇਅਰ ਆਸ਼ਾ ਜਸਵਾਲ ਵੱਲੋਂ ਹੀ ਕਾਗਜ਼ ਭਰਨ ਕਾਰਨ ਪਾਰਟੀ ’ਚ ਭਾਰੀ ਘੜਮੱਸ ਪਿਆ ਸੀ। ਭਾਜਪਾ ਦੇ ਦੋਵੇਂ ਧੜੇ ਇਸ ਵਾਰ ਦੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਬਣਨ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ ਅਜਿਹੀ ਚਰਚਾ ਵੀ ਹੈ ਕਿ ਜਿਵੇਂ ਸਾਲ 2014 ਦੀਆਂ ਚੋਣਾਂ ਦੌਰਾਨ ਟੰਡਨ, ਜੈਨ ਅਤੇ ਹਰਮੋਹਨ ਧਵਨ ਵਿਚਕਾਰ ਟਿਕਟ ਹਾਸਲ ਕਰਨ ਲਈ ਚਲੀ ਲੜਾਈ ਦੌਰਾਨ ਹਾਈ ਕਮਾਂਡ ਨੇ ਬਾਹਰੋਂ ਕਿਰਨ ਖੇਰ ਨੂੰ ਟਿਕਟ ਦੇ ਦਿੱਤੀ ਸੀ, ਇਸੇ ਤਰ੍ਹਾਂ ਜੇ ਇਸ ਵਾਰ ਵੀ ਦੋਵਾਂ ਧਿਰਾਂ ਵਿਚਕਾਰ ਟਿਕਟ ਨੂੰ ਲੈ ਕੇ ਲੜਾਈ ਚੱਲੀ ਤਾਂ ਹਾਈ ਕਮਾਂਡ ਕਿਸੇ ਤੀਸਰੇ ਦੀ ਝੋਲੀ ਵਿਚ ਟਿਕਟ ਪਾ ਸਕਦੀ ਹੈ।

ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਨੇ ਸਪੱਸ਼ਟ ਕੀਤਾ ਕਿ ਚਾਰੇ ਉਮੀਦਵਾਰ ਕਿਸੇ ਧੜੇ ਦੇ ਨਹੀਂ ਪਾਰਟੀ ਦੇ ਉਮੀਦਵਾਰ ਹਨ ਅਤੇ ਹਾਈ ਕਮਾਂਡ ਦਾ ਫ਼ੈਸਲਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਇਸੇ ਤਰ੍ਹਾਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਨੇ ਵੀ ਕਿਹਾ ਕਿ ਮੇਅਰ ਚੋਣ ਲਈ ਉਮੀਦਵਾਰਾਂ ਦਾ ਫ਼ੈਸਲਾ ਹਾਈ ਕਮਾਂਡ ਹੀ ਕਰੇਗੀ।