ਤਹਿਸੀਲ ਬਟਾਲਾ ਵਿਚ 198 ਸਰਪੰਚ ਸਰਬਸੰਮਤੀ ਨਾਲ ਚੁਣੇ

ਤਹਿਸੀਲ ਬਟਾਲਾ ਦੇ ਅਧੀਨ ਪੈਂਦੇ ਚਾਰ ਬਲਾਕਾਂ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਅਤੇ ਫਤਹਿਗੜ੍ਹ ਚੂੜੀਆਂ ਦੇ 198 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ। ਸਥਾਨਕ ਐੱਸ.ਡੀ.ਐੱਮ. ਰੋਹਿਤ ਗੁਪਤਾ ਨੇ ਦੱਸਿਆ ਕਿ ਬਲਾਕ ਫਤਿਹਗੜ੍ਹ ਚੂੜੀਆਂ ’ਚ 101 ਪੰਚਾਇਤਾਂ ’ਚੋਂ 59 ਸਰਪੰਚ ਅਤੇ 599 ਪੰਚਾਂ ’ਚੋਂ 272 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਬਲਾਕ ’ਚ 152 ਪੰਚਾਇਤਾਂ ’ਚੋਂ 74 ਸਰਪੰਚਾਂ ਤੇ 918 ਪੰਚਾਂ ’ਚੋਂ 559 ਪੰਚਾਂ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ। ਰੋਹਿਤ ਗੁਪਤਾ ਨੇ ਅੱਗੇ ਦੱਸਿਆ ਕਿ ਬਲਾਕ ਕਾਦੀਆਂ ’ਚ 83 ਪੰਚਾਇਤਾਂ ’ਚੋਂ 31 ਸਰਪੰਚ ਅਤੇ 507 ਪੰਚਾਂ ’ਚੋਂ 278 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ, ਜਦੋਂ ਕਿ ਸ੍ਰੀ ਹਰਿਗੋਬਿੰਦਪੁਰ ਬਲਾਕ ’ਚ ਕੁੱਲ 104 ਪੰਚਾਇਤਾਂ ’ਚੋਂ 34 ਸਰਪੰਚ ਅਤੇ 634 ਪੰਚਾਂ ’ਚੋਂ 286 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਰਹਿ ਗਏ ਸਰਪੰਚ ਤੇ ਪੰਚਾਂ ਦੀ ਚੋਣ 30 ਦਸੰਬਰ ਨੂੰ ਸ਼ਾਂਤੀ ਪੂਰਵਕ ਤੇ ਨਿਰਪੱਖ ਢੰਗ ਨਾਲ ਕਰਵਾਈ ਜਾਵੇਗੀ ਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਐਲਾਨੇ ਜਾਣਗੇ। ਦੱਸਣਯੋਗ ਹੈ ਕਿ ਬਲਾਕ ਡੇਰਾ ਬਾਬਾ ਨਾਨਕ ਵਿੱਚ 146 ਪੰਚਾਇਤਾਂ ’ਚੋਂ 128 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਅਤੇ 814 ਪੰਚਾਂ ਵਿੱਚੋਂ 714 ਪੰਚ ਚੁਣੇ ਗਏ ਹਨ।