ਦੁਕਾਨਦਾਰਾਂ ਦਾ ਫੜ੍ਹੀਆਂ ਖ਼ਿਲਾਫ਼ ਸਬਰ ਦਾ ਬੰਨ੍ਹ ਟੁੱਟਿਆ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੜ੍ਹੀਆਂ ਵਾਲਿਆਂ ਨੂੰ ਸ਼ਹਿਰ ਦੀਆਂ ਮਾਰਕੀਟਾਂ ਤੇ ਹੋਰਨਾਂ ਥਾਵਾਂ ’ਤੇ ਜਗ੍ਹਾ ਅਲਾਟ ਕਰਨ ਵਿਰੁੱਧ ਦੁਕਾਨਦਾਰਾਂ ਦਾ ਸਬਰ ਮੁੱਕਦਾ ਜਾ ਰਿਹਾ ਹੈ। ਕਈ ਸੈਕਟਰਾਂ ਦੇ ਵਸਨੀਕ ਵੀ ਫੜ੍ਹੀਆਂ ਵਾਲਿਆਂ ਨੂੰ ਹਰੀਆਂ ਪੱਟੀਆਂ ਅਤੇ ਘਰਾਂ ਮੂਹਰੇ ਥਾਂ ਅਲਾਟ ਕਰਨ ਵਿਰੁੱਧ ਸੜਕਾਂ ’ਤੇ ਨਿਕਲ ਆਏ ਹਨ। ਸੈਕਟਰ-19 ਦੇ ਦੁਕਾਨਦਾਰ ਅੱਜ ਸਵੇਰੇ ਹੀ ਦੁਕਾਨਾਂ ਨੂੰ ਤਾਲੇ ਲਾ ਕੇ ਸੜਕਾਂ ’ਤੇ ਨਿਕਲ ਆਏ ਅਤੇ ਦੁਕਾਨਾਂ ਦੀਆਂ ਚਾਬੀਆਂ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਨੂੰ ਸੌਂਪ ਕੇ ਰੋਸ ਪ੍ਰਗਟ ਕੀਤਾ। ਸ੍ਰੀ ਯਾਦਵ ਨੇ ਦੁਕਾਨਦਾਰਾਂ ਨੂੰ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਸੈਕਟਰ-19 ਵਿਚ ਚੀਫ ਆਰਕੀਟੈਕਟ ਨੇ ਫੜ੍ਹੀ ਵਾਲੇ ਬਿਠਾਏ ਹਨ। ਜਦੋਂ ਦੁਕਾਨਦਾਰ ਚੀਫ ਆਰਕੀਟੈਕਟ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਕਮਿਸ਼ਨਰ ਗਲਤ ਕਹਿ ਰਹੇ ਹਨ। ਇਹ ਸਾਰੀ ਕਾਰਵਾਈ ਕਮਿਸ਼ਨਰ ਵਾਲੀ ਕਮੇਟੀ ਨੇ ਹੀ ਕੀਤੀ ਹੈ। ਸ਼ੋਪਕੀਪਰ ਮਾਰਕੀਟ ਐਸੋਸੀਏਸ਼ਨ ਸੈਕਟਰ 19-ਸੀ ਦੇ ਪ੍ਰਧਾਨ ਅਰਵਿੰਦਰ ਸਿੰਘ ਬੇਦੀ ਅਤੇ ਜਨਰਲ ਸਕੱਤਰ ਵਿਨੈ ਮਹਾਜਨ ਨੇ ਮੌਕੇ ’ਤੇ ਦਿਖਾਇਆ ਕਿ ਮਾਰਕੀਟ ਵਿਚਲੀਆਂ ਦੁਕਾਨਾਂ ਦੀ ਐਂਟਰੀ ਵਾਲੀ ਥਾਂ 175 ਤੋਂ ਵੱਧ ਫੜ੍ਹੀ ਵਾਲਿਆਂ ਨੂੰ ਅਲਾਟ ਕੀਤੀ ਹੈ। ਫੜ੍ਹੀਆਂ ਕਾਰਨ ਦੁਕਾਨਾਂ ਅੰਦਰ ਕੁਦਰਤੀ ਰੌਸ਼ਨੀ ਤੇ ਹਵਾ ਜਾਣੀ ਵੀ ਬੰਦ ਹੋ ਗਈ ਹੈ। ਇਸ ਘੜਮੱਸ ਵਿਚ ਮਾਰਕੀਟ ਦਾ ਵਾਤਾਵਰਨ ਗੰਧਲਾ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਆਗੂ ਫੜ੍ਹੀਆਂ ਵਾਲਿਆਂ ਨੂੰ ਆਪਣਾ ਵੋਟ ਬੈਂਕ ਸਮਝ ਕੇ ਉਨ੍ਹਾਂ ਨੂੰ ਸ਼ੈਲਟਰ ਦੇ ਰਹੇ ਹਨ ਜਦਕਿ ਟੈਕਸ ਭਰਨ ਵਾਲੇ ਦੁਕਾਨਦਾਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਉਨ੍ਹਾਂ ਨੇ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਇਸ ਮੁੱਦੇ ਉਪਰ ਸਾਧੀ ਚੁੱਪ ਦਾ ਨੋਟਿਸ ਲੈਂਦਿਆਂ ਅਸਤੀਫਾ ਦੇਣ ਦੀ ਮੰਗ ਕੀਤੀ। ਉਧਰ ਸ਼ਾਮ ਵੇਲੇ ਸੈਕਟਰ-21 ਦੇ ਵਸਨੀਕ ਵੀ ਸੜਕਾਂ ਉਪਰ ਉਤਰ ਆਏ। ਇਲਾਕਾ ਵਾਸੀ ਪ੍ਰਦੀਪ ਚੋਪੜਾ ਤੇ ਏ.ਐੱਸ. ਭਾਟੀਆ ਨੇ ਦੋਸ਼ ਲਾਇਆ ਕਿ ਨਿਗਮ ਨੇ ਇਥੇ ਘਰ ਦੇ ਅੱਗੇ ਅਤੇ ਪੈਦਲ ਚਲਣ ਵਾਲੇ ਰਸਤੇ ਨੂੰ ਹੀ ਫੜ੍ਹੀਆਂ ਵਾਲਿਆਂ ਨੂੰ ਅਲਾਟ ਕਰ ਦਿੱਤਾ ਹੈ। ਇਸੇ ਤਰ੍ਹਾਂ ਸੈਕਟਰ-17 ਅਤੇ 23 ਦੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਵੀ ਸੜਕਾਂ ’ਤੇ ਉਤਰ ਆਏ। ਉਧਰ ਸੈਕਟਰ-15 ਦੇ ਵਸਨੀਕਾਂ ਨੇ ਵੀ ਫੜ੍ਹੀਆਂ ਲਈ ਜ਼ਮੀਨ ਅਲਾਟ ਕਰਨ ਵਿਰੁੱਧ ਸੰਘਰਸ਼ ਵਿੱਢਿਆ ਹੈ ਅਤੇ ਹਾਈ ਕੋਰਟ ਦਾ ਕੁੰਡਾ ਖੜਕਾਇਆ ਹੈ। ਸੈਕਟਰ-23 ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਮਾਰਕੀਟ ਵਿਚ ਫੜ੍ਹੀਆਂ ਲੱਗਣ ਦੀ ਇਜਾਜ਼ਤ ਨਹੀਂ ਦੇਣਗੇ। ਸੈਕਟਰ-17 ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ਪਾਲ ਸਿੰਘ ਕਾਲੜਾ ਦੀ ਅਗਵਾਈ ਹੇਠ ਵਫਦ ਨੇ ਐਸਐਸਪੀ ਨੀਲਾਂਬਰੀ ਜਗਦਲੇ ਨੂੰ ਮਿਲਕੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਫੜ੍ਹੀਆਂ ਵਾਲਿਆਂ ਕਾਰਨ ਮਾਰਕੀਟ ਵਿਚ ਤਣਾਅ ਪੈਦਾ ਹੋ ਸਕਦਾ ਹੈ।