ਇੰਡੋ-ਤਿੱਬਤਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਦੇ ਖੱਡ ’ਚ ਡਿੱਗ ਜਾਣ ਕਾਰਨ ਜਵਾਨ ਮੁਹੰਮਦ ਅਲੀ ਦੀ ਮੌਤ ਹੋ ਗਈ ਜਦਕਿ 34 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ 5 ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਬੱਸ ਦੇ ਸੜਕ ਤੋਂ ਤਿਲਕ ਜਾਣ ਕਰਕੇ ਹਾਦਸਾ ਵਾਪਰਿਆ। ਹਾਦਸਾ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਰਾਮਬਨ ਜ਼ਿਲ੍ਹੇ ਦੇ ਖੂਨੀ ਨਾਲਾ ਨੇੜੇ ਹੋਇਆ ਜਦੋਂ ਬੱਸ ਜੰਮੂ ਵੱਲ ਜਾ ਰਹੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਰਖ਼ਤਾਂ ਕਰਕੇ ਬੱਸ ਦਾ ਹੋਰ ਡੂੰਘੇ ਡਿੱਗਣ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਇਕ ਸਬ ਇੰਸਪੈਕਟਰ, ਦੋ ਏਐਸਆਈ ਅਤੇ ਸਿਵਲੀਅਨ ਡਰਾਈਵਰ ਸਮੇਤ 9 ਵਿਅਕਤੀਆਂ ਨੂੰ ਹੈਲੀਕਾਪਟਰ ਰਾਹੀਂ ਇਥੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ (ਜੀਐਮਸੀ) ’ਚ ਵਿਸ਼ੇਸ਼ ਇਲਾਜ ਲਈ ਲਿਆਂਦਾ ਗਿਆ। ਆਈਟੀਬੀਪੀ ਦੇ ਦੋ ਹੋਰ ਜਵਾਨਾਂ ਨੂੰ ਸੜਕ ਮਾਰਗ ਰਾਹੀਂ ਜੀਐਮਸੀ ਭੇਜਿਆ ਗਿਆ।
ਅਧਿਕਾਰੀ ਨੇ ਕਿਹਾ ਕਿ ਆਈਟੀਬੀਪੀ ਦੀ ਟੁਕੜੀ ਨੂੰ ਪੰਚਾਇਤ ਚੋਣਾਂ ਲਈ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ’ਚ ਤਾਇਨਾਤ ਕੀਤਾ ਗਿਆ ਸੀ ਅਤੇ ਇਹ ਜਵਾਨ ਬੇਸ ਕੈਂਪ ਵੱਲ ਜਾ ਰਹੇ ਸਨ। ਫ਼ੌਜ, ਪੁਲੀਸ ਅਤੇ ਸਥਾਨਕ ਵਾਲੰਟੀਅਰਾਂ ਨੇ ਹਾਦਸੇ ਵਾਲੀ ਥਾਂ ’ਤੇ ਤੁਰੰਤ ਪਹੁੰਚ ਕੇ ਫੱਟੜਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ।
INDIA ਬੱਸ ਖੱਡ ’ਚ ਡਿੱਗਣ ਕਰ ਕੇ ਆਈਟੀਬੀਪੀ ਦਾ ਜਵਾਨ ਹਲਾਕ, 34 ਜ਼ਖ਼ਮੀ