ਨਾਜਾਇਜ਼ ਕਬਜ਼ੇ: ਡਿਫਾਲਟਰਾਂ ਤੋਂ ਵਸੂਲੇ ਜਾਣਗੇ ਮੋਟੇ ਜੁਰਮਾਨੇ

ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੇਂਟ ਵਿੰਗ ਨੇ ਸ਼ਹਿਰ ਦੀਆਂ ਮਾਰਕੀਟਾਂ ਤੇ ਹੋਰ ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਸਖਤੀ ਕਰਨ ਦੀ ਤਿਆਰੀ ਕਰ ਲਈ ਹੈ। ਨਿਗਮ ਨੇ ਡਿਫਾਲਟਰਾਂ ਨੂੰ ਦਸ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਕਰਨ ਦਾ ਫੈਸਲਾ ਕੀਤਾ ਹੈ। ਨਗਰ ਨਿਗਮ ਦੇ ਵਧੀਕ ਕਮਿਸ਼ਨਰ ਤਿਲਕ ਰਾਜ ਨੇ ਦੱਸਿਆ ਕਿ ਸ਼ਹਿਰ ਵਿੱਚ ਸਟਰੀਟ ਵੈਂਡਰਜ਼ ਐਕਟ ਦੀ ਨੋਟੀਫਿਕੇਸ਼ਨ ਤੋਂ ਬਾਅਦ ਨਿਗਮ ਦੇ ਐਨਫੋਰਸਮੇਂਟ ਵਿੰਗ ਦੀਆਂ ਟੀਮਾਂ ਵਲੋਂ ਮਾਰਕੀਟ ਐਸੋਸੀਏਸ਼ਨਾਂ ਨੂੰ ਇਸ ਐਕਟ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨਿਗਮ ਵਲੋਂ ਅਜਿਹੇ ਕਬਜ਼ਾਧਾਰੀਆਂ ਖਿਲਾਫ ਕਾਰਵਾਈ ਕਰਕੇ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਥਾਂਵਾਂ ਦੇ ਨਾਲ-ਨਾਲ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਵਰਾਂਡਿਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਵਲੋਂ ਜਨਤਕ ਥਾਵਾਂ ’ਤੇ ਕੀਤੇ ਕਬਜ਼ਿਆਂ ਨੂੰ ਲੈ ਕੇ ਚਲਾਨ ਕੱਟੇ ਜਾਣਗੇ ਅਤੇ ਦਸ ਹਜ਼ਾਰ ਰੁਪਏ ਤੱਕ ਜੁਰਮਾਨਾ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜ਼ਬਤ ਕੀਤਾ ਸਾਮਾਨ ਵੀ ਵਾਪਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਮਾਰਕੀਟਾਂ ਦੇ ਵਰਾਂਡੇ ਖਾਲੀ ਰੱਖਣ।