ਕਾਗਜ਼ ਰੱਦ ਹੋਣ ਤੋਂ ਖਫ਼ਾ ਲੋਕਾਂ ਨੇ ਲਾਇਆ ਜਾਮ

ਪੰਚਾਇਤ ਚੋਣਾਂ ਦੇ ਕੁਝ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਕਾਰਨ ਅੱਜ ਪਿੰਡ ਭੰਮੇ ਕਲਾਂ ਦੇ ਵਾਸੀਆਂ ਨੇ ਮਾਨਸਾ-ਸਿਰਸਾ ਮੁੱਖ ਮਾਰਗ ‘ਤੇ ਲੰਬਾ ਸਮਾਂ ਜਾਮ ਲਾਈ ਰੱਖਿਆ। ਇਸ ਕਾਰਨ ਅੰਤਰਰਾਜੀ ਪੰਜਾਬ ਅਤੇ ਹਰਿਆਣਾ ਸੜਕ ‘ਤੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਜਾਮ ਸਵੇਰ ਤੋਂ ਲੈਕੇ ਸ਼ਾਮ ਤੱਕ ਰਿਹਾ। ਜਾਮ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ਦੇ ਵੱਡੇ ਨੇਤਾਵਾਂ ਦੇ ਪਹੁੰਚਣ ਕਾਰਨ ਪੁਲੀਸ ਨੂੰ ਹੱਥਾਂ-ਪੈਰਾਂ ਦੀ ਬਣੀ ਰਹੀ। ਐਸ.ਡੀ.ਐਮ ਅਤੇ ਡੀ.ਐਸ.ਪੀ. ਮੌਕੇ ‘ਤੇ ਤਾਇਨਾਤ ਰਹੇ। ਅਖੀਰ ਅਜੀਤਇੰਦਰ ਮੋਫਰ ਦੇ ਭਰੋਸੇ ਤੋਂ ਬਾਅਦ ਜਾਮ ਖੁੱਲਿਆ। ਪਿੰਡ ਭੰਮੇ ਕਲਾਂ ਦੇ ਵਸਨੀਕ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਵਿੰਦਰ ਕੌਰ, ਜੋ ਕਿ ਸਰਪੰਚੀ ਦੀ ਉਮੀਦਵਾਰ ਸੀ ਨੇ ਆਪਣੇ ਨਾਮਜ਼ਦਗੀ ਕਾਗਜ਼ ਬਲਾਕ ਦਫ਼ਤਰ ਝੁਨੀਰ ਵਿੱਚ ਜਮ੍ਹਾਂ ਕੀਤੇ ਸਨ। ਪੰਚਾਇਤ ਦਫ਼ਤਰ ਝੁਨੀਰ ਵੱਲੋਂ ਦੇਰ ਰਾਤ ਸੂਚੀ ਲਗਾ ਕੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਅਤੇ ਹੋਰ ਪਿੰਡਾਂ ਦੇ ਮੈਂਬਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਾਰੇ ਕਾਗ਼ਜ਼ ਸਹੀ ਸਨ, ਪਰ ਪਿੰਡ ਦੇ ਕੁਝ ਰਾਜਸੀ ਪਹੁੰਚ ਰੱਖਣ ਵਾਲੇ ਵਿਅਕਤੀਆਂ ਨੇ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਉਨ੍ਹਾਂ ਦੇ ਕਾਗਜ਼ ਜਾਣ-ਬੁੱਝਕੇ ਰੱਦ ਕਰਵਾ ਦਿੱਤੇ।ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵੱਜੋਂ ਅੱਜ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਮਾਨਸਾ-ਸਿਰਸਾ ਮੁੱਖ ਮਾਰਗ ‘ਤੇ ਧਰਨਾ ਦੇ ਕੇ ਜਾਮ ਲਾਇਆ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਕਾਗਜ਼ ਰੱਦ ਹੋਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਥਾਨਕ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਾ ਪੁਤਲਾ ਫੂਕਿਆ। ਉਨ੍ਹਾਂ ਮੰਗ ਕੀਤੀ ਕਿ ਰੱਦ ਕੀਤੇ ਹੋਏ ਕਾਗਜ਼ਾਂ ਦੀ ਮੁੜ ਜਾਂਚ ਕਰਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਜਾਣ। ਅਜਿਹਾ ਨਾ ਹੋਣ ਤੇ ਉਨ੍ਹਾਂ ਧਰਨਾ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ। ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ, ਜਿਸ ਕਾਰਨ ਉਹ ਕਾਂਗਰਸ ਵਿਰੋਧੀ ਸਰਪੰਚ ਉਮੀਦਵਾਰਾਂ ਦੇ ਕਾਗਜ਼ ਬਿਨਾਂ ਵਜ੍ਹਾ ਖਾਮੀਆਂ ਕੱਢ ਕੇ ਰੱਦ ਕਰ ਰਹੇ ਹਨ। ਧਰਨੇ ਵਿਚ ਸਰਦੂਲਗੜ੍ਹ ਦੇ ਦੂਸਰੇ ਪਿੰਡਾਂ ਦੇ ਕਾਗਜ਼ ਰੱਦ ਹੋਣ ਵਾਲੇ ਉਮੀਦਵਾਰਾਂ ਨੇ ਵੀ ਸ਼ਮੂਲੀਅਤ ਸ਼ਮੂਲੀਅਤ ਕੀਤੀ। ਦੂਜੇ ਪਾਸੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਇਹ ਸਭ ਅਕਾਲੀ ਦਲ ਦੀ ਚਾਲ ਹੈ। ਅਕਾਲੀ ਦਲ ਦੇ ਕੁਝ ਵਿਅਕਤੀ ਜਾਣ ਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਜਦੋਂ ਕਿ ਭੰਮੇ ਕਲਾਂ ਵਿੱਚ ਸਰਪੰਚੀ ਦੀ ਚੋਣ ਲਈ ਲੜ ਰਹੇ ਦੋਵੇਂ ਉਮੀਦਵਾਰ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਸ ਪਿੰਡ ਦੀ ਚੋਣ ਦੁਬਾਰਾ ਕਰਵਾਈ ਜਾਵੇਗੀ।